ਹੁਸ਼ਿਆਰਪੁਰ : ਨੌਜਵਾਨ ਪੀੜ੍ਹੀ ਨੂੰ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਬਾਜ਼ਾਰ ਪ੍ਰਤੀ ਗਲਤ ਜਾਣਕਾਰੀ ਨੂੰ ਵੇਚਿਆ ਜਾ ਰਿਹਾ ਹੈ, ਜਿਸ ਤੋਂ ਨੌਜਵਾਨਾਂ ਨੂੰ ਬਚਣ ਦੀ ਲੋੜ ਹੈ, ਇਹ ਪ੍ਰਗਟਾਵਾ ਸੱਚਦੇਵਾ ਸਟਾਕਸ ਦੇ ਐਮ.ਡੀ. ਪਰਮਜੀਤ ਸਿੰਘ ਸੱਚਦੇਵਾ ਨੇ ਸੀ.ਟੀ. ਗਰੁੱਪ ਦੇ ਮਕਸੂਦਾ ਕੈਂਪਸ, ਜਲੰਧਰ ਵਿਖੇ ਸ਼ੇਅਰ ਬਾਜ਼ਾਰ ਸਬੰਧੀ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਆਪ ਨੂੰ ਸ਼ੇਅਰ ਬਾਜ਼ਾਰ ਦੇ ਮਾਹਰ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਨੌਜਵਾਨਾਂ ਨੂੰ ਗਲਤ ਥਾਵਾਂ ’ਤੇ ਨਿਵੇਸ਼ ਕਰਨ ਲਈ ਗੁੰਮਰਾਹ ਕਰ ਰਹੇ ਹਨ, ਜਿਸ ਕਾਰਨ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ ਹੈ। ਪਰਮਜੀਤ ਸੱਚਦੇਵਾ ਨੇ ਅੱਗੇ ਕਿਹਾ ਕਿ ਸ਼ੇਅਰ ਬਾਜ਼ਾਰ ਵਿੱਚ ਵਾਧੇ ਦੀਆਂ ਬਹੁਤ ਸੰਭਾਵਨਾਵਾਂ ਹਨ, ਪਰ ਬਿਨਾਂ ਕਿਸੇ ਤਿਆਰੀ ਦੇ ਇਸ ਬਾਜ਼ਾਰ ਵਿੱਚ ਦਾਖਲ ਹੋਣ ਵਾਲੇ ਲਈ ਨੁਕਸਾਨ ਦਾ ਡਰ ਹਮੇਸ਼ਾ ਬਣਿਆ ਰਹੇਗਾ। ਇਸ ਮੌਕੇ ਪਰਮਜੀਤ ਸੱਚਦੇਵਾ ਨੇ ਨੌਜਵਾਨਾਂ ਨੂੰ ਸਟਾਕ ਬਾਜ਼ਾਰ ਦੀਆਂ ਪੇਚੀਦਗੀਆਂ ਤੋਂ ਜਾਣੂ ਕਰਵਾਇਆ ਅਤੇ ਇਹ ਵੀ ਦੱਸਿਆ ਕਿ ਕਿਵੇਂ ਕੰਪਨੀਆਂ ਦੀ ਚੋਣ ਕਰਕੇ ਅਤੇ ਉਨ੍ਹਾਂ ਵਿੱਚ ਨਿਵੇਸ਼ ਕਰਕੇ ਆਪਣੀ ਵਿੱਤੀ ਸਥਿਤੀ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਮਿਉਚੁਅਲ ਫੰਡਾਂ ਵਿੱਚ ਹੌਲੀ-ਹੌਲੀ ਨਿਵੇਸ਼ ਇੱਕ ਦਿਨ ਤੁਹਾਡੀ ਆਮਦਨ ਦਾ ਇੱਕ ਪੱਕਾ ਸਰੋਤ ਬਣ ਜਾਂਦਾ ਹੈ, ਇਸ ਲਈ ਨੌਜਵਾਨ ਪੀੜ੍ਹੀ ਨੂੰ ਇੱਕ ਸੁਰੱਖਿਅਤ ਭਵਿੱਖ ਲਈ ਇਸ ਫੰਡ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਮੌਕੇ ਸੀ.ਟੀ. ਗਰੁੱਪ ਦੇ ਚੇਅਰਮੈਨ ਅਤੇ ਵਾਈਸ ਚਾਂਸਲਰ ਸੀ.ਟੀ. ਯੂਨੀਵਰਸਿਟੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸਟਾਫ਼ ਵੱਲੋਂ ਪਰਮਜੀਤ ਸਿੰਘ ਸੱਚਦੇਵਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ, ਡਿਪਟੀ ਡਾਇਰੈਕਟਰ ਡਾ. ਰਮਨਦੀਪ ਕੌਰ, ਪ੍ਰਿੰਸੀਪਲ ਡਾ. ਅੰਜੂ ਸ਼ਰਮਾ, ਅਮਨਦੀਪ ਕੌਰ, ਰਿਲੇਸ਼ਨਸ਼ਿਪ ਮੈਨੇਜਰ ਸੱਚਦੇਵਾ ਸਟਾਕਸ ਵੀ ਮੌਜੂਦ ਸਨ।
ਕੈਪਸ਼ਨ- ਪਰਮਜੀਤ ਸਿੰਘ ਸੱਚਦੇਵਾ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਹੋਰ।