Wednesday, November 26, 2025

Malwa

ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਪੀ.ਜੀ. ਕੋਰਸਾਂ ਦੇ ਵਿਦਿਆਰਥੀਆਂ ਲਈ ਕਰਵਾਇਆ ਇੰਡਕਸ਼ਨ ਪ੍ਰੋਗਰਾਮ

August 07, 2025 08:33 PM
SehajTimes
 
ਅੱਜ ਦੇ ਦੌਰ ਵਿੱਚ ਇੱਕੋ ਵਿਸ਼ੇ ਜਾਂ ਖੇਤਰ ਨਾਲ਼ ਵਾਬਸਤਗੀ ਰੱਖਣਾ ਹੀ ਕਾਫ਼ੀ ਨਹੀਂ : ਡਾ. ਜਗਦੀਪ ਸਿੰਘ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਨਵੇਂ ਸੈਸ਼ਨ ਵਿੱਚ ਦਾਖ਼ਲ ਹੋਏ ਯੂ.ਜੀ.ਪੀ.ਜੀ. ਪ੍ਰੋਗਰਾਮ (ਆਨਰ ਵਿਦ ਰਿਸਰਚ) ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਸਾਇੰਸ ਆਡੀਟੋਰੀਅਮ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ 11 ਵਿਭਾਗਾਂ ਦੇ ਤਕਰੀਬਨ 300 ਵਿਦਿਆਰਥੀਆਂ ਨੇ ਸਿ਼ਰਕਤ ਕੀਤੀ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸਿ਼ਆਂ ਦੇ ਗਿਆਨ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਸਿਰਫ਼ ਇੱਕੋ ਵਿਸ਼ੇ ਜਾਂ ਖੇਤਰ ਨਾਲ਼ ਵਾਬਸਤਗੀ ਰੱਖਣਾ ਹੀ ਕਾਫ਼ੀ ਨਹੀਂ ਸਗੋਂ ਸਾਨੂੰ ਅੰਤਰ-ਅਨੁਸ਼ਾਸਨੀ ਪਹੁੰਚ ਅਪਣਾਉਂਦਿਆਂ ਵੱਖ-ਵੱਖ ਵਿਸਿ਼ਆਂ ਦਾ ਗਿਆਨ ਹਾਸਿਲ ਕਰਨਾ ਚਾਹੀਦਾ ਹੈ। ਅਜਿਹਾ ਹੋਣ ਨਾਲ਼ ਹੀ ਅਸੀਂ ਵਰਤਾਰਿਆਂ ਅਤੇ ਸਮੱਸਿਆਵਾਂ ਨੂੰ ਉਨ੍ਹਾਂ ਦੇ ਸਮੁੱਚ ਵਿੱਚ ਸਮਝ ਸਕਦੇ ਹਾਂ ਅਤੇ ਦਰੁਸਤ ਢੰਗ ਨਾਲ਼ ਸਮਾਜ ਨੂੰ ਸਹੀ ਸੇਧ ਦੇਣ ਦੇ ਕਾਬਿਲ ਹੋ ਸਕਦੇ ਹਾਂ।
ਡੀਨ ਵਿਦਿਆਰਥੀ ਭਲਾਈ ਪ੍ਰੋ. ਮਮਤਾ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦੇ ਹੱਲ ਲਈ ਯੂਨੀਵਰਸਿਟੀ ਦਾ ਡੀਨ ਵਿਦਿਆਰਥੀ ਭਲਾਈ ਦਫ਼ਤਰ ਹਮੇਸ਼ਾ ਹਾਜ਼ਰ ਰਹੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਜਿ਼ੰਦਗੀ ਵਿੱਚ ਸਹੀ ਰਸਤੇ ਦੀ ਪਹਿਚਾਣ ਅਤੇ ਚੋਣ ਕਰਨ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੇ ਲਿੰਗਕ, ਧਾਰਮਿਕ, ਸਮਾਜਿਕ ਆਦਿ ਵਿਤਕਰਿਆਂ ਤੋਂ ਉੱਪਰ ਉੱਠ ਕੇ ਆਪਸ ਵਿੱਚ ਚੰਗਾ ਭਾਈਚਾਰਾ ਸਿਰਜਣਾ ਚਾਹੀਦਾ ਹੈ।
ਪ੍ਰੋਗਰਾਮ ਕੋਆਰਡੀਨੇਟਰ ਡਾ. ਰੂਬੀ ਗੁਪਤਾ ਨੇ ਕਿਹਾ ਕਿ ਇਸ ਨਵੇਂ ਕੋਰਸ ਦੇ ਵਿਦਿਆਰਥੀਆਂ ਲਈ ਅਜਿਹੇ ਇੰਡਕਸ਼ਨ ਪ੍ਰੋਗਰਾਮ ਕਰਵਾਉਣਾ ਇਸ ਲਈ ਵੀ ਲਾਜ਼ਮੀ ਹੈ ਕਿਉਂਕਿ ਇਨ੍ਹਾਂ ਕੋਰਸਾਂ ਦੇ ਵਿਦਿਆਰਥੀ ਸਕੂਲ ਤੋਂ ਸਿੱਖਿਆ ਹਾਸਿਲ ਕਰ ਕੇ ਸਿੱਧਾ ਯੂਨੀਵਰਸਿਟੀ ਪਹੁੰਚਦੇ ਹਨ, ਜਿੱਥੇ ਉਹ ਨਵੀਂ ਕਿਸਮ ਦਾ ਮਾਹੌਲ ਵੇਖਦੇ ਹਨ। ਨਵੇਂ ਮਾਹੌਲ ਦੇ ਅਨੁਕੂਲ ਹੋਣ ਲਈ ਵਿਦਿਆਰਥੀਆਂ ਨੂੰ ਸੇਧ ਅਤੇ ਜਾਣਕਾਰੀ ਦੇਣੀ ਜ਼ਰੂਰੀ ਹੈ।
ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਦੋ ਮਾਹਿਰਾਂ ਡਾ. ਕਮਲਪ੍ਰੀਤ ਕੌਰ ਅਤੇ ਡਾ. ਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਭਾਸ਼ਣ ਦਿੱਤੇ ਗਏ। ਡਾ. ਕਮਲਪ੍ਰੀਤ ਕੌਰ ਨੇ ਨਸਿ਼ਆਂ ਤੋਂ ਬਚਾਅ ਸਬੰਧੀ ਵਿਸ਼ੇ ਉੱਤੇ ਭਾਸ਼ਣ ਦਿੱਤਾ ਅਤੇ ਡਾ. ਮਨਦੀਪ ਕੌਰ ਨੇ ਸਵੈ-ਨੁਕਸਾਨ ਅਤੇ ਖੁਦਕੁਸ਼ੀ ਰੋਕਥਾਮ ਜਿਹੇ ਨੁਕਤਿਆਂ ਉੱਤੇ ਗੱਲ ਕੀਤੀ। ਅੰਤ ਵਿੱਚ ਪ੍ਰੋਵੋਸਟ ਡਾ. ਇੰਦਰਜੀਤ ਚਾਹਲ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।

Have something to say? Post your comment