ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਖੇ ਅਧਿਆਪਕ ਵਜੋਂ ਕਾਰਜਸ਼ੀਲ ਰਹੇ ਡਾ. ਰਣਜੀਤ ਕੌਰ ਕਪੂਰ ਦੇ ਅਕਾਲ ਚਲਾਣੇ ਉੱਤੇ ਯੂਨੀਵਰਸਿਟੀ ਵੱਲੋਂ ਗਹਿਰਾ ਦੱਖ ਪ੍ਰਗਟ ਕੀਤਾ ਗਿਆ। ਜਿ਼ਕਰਯੋਗ ਹੈ ਕਿ ਡਾ. ਰਣਜੀਤ ਕੌਰ ਕਪੂਰ ਉੱਘੇ ਵਾਰਤਕ ਲੇਖਕ ਪ੍ਰੋ. ਨਰਿੰਦਰ ਸਿੰਘ ਕਪੂਰ ਦੇ ਹਮਸਫ਼ਰ ਸਨ।
ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਖੇ ਡਾ. ਰਣਜੀਤ ਕੌਰ ਨਮਿਤ ਸ਼ੋਕ ਸਭਾ ਕਰਵਾਈ ਗਈ। ਇਸ ਮੌਕੇ ਪੜ੍ਹੇ ਸ਼ੋਕ ਮਤੇ ਵਿੱਚ ਕਿਹਾ ਗਿਆ ਕਿ ਡਾ. ਰਣਜੀਤ ਕੌਰ ਕਪੂਰ ਨੇ 1998 ਤੋਂ 2001 ਤੱਕ ਅੰਗਰੇਜ਼ੀ ਵਿਭਾਗ ਦੀ ਅਗਵਾਈ ਕੀਤੀ ਅਤੇ 2003 ਵਿੱਚ ਸੇਵਾ-ਮੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਭਾਸ਼ਾ ਫ਼ੈਕਲਟੀ ਦੇ ਡੀਨ ਵਜੋਂ ਵੀ ਸੇਵਾਵਾਂ ਨਿਭਾਈਆਂ। ਸ਼ੋਕ ਮਤੇ ਵਿੱਚ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਵਿਭਾਗ ਲਈ ਪਾਏ ਗਏ ਵਡਮੁੱਲੇ ਯੋਗਦਾਨ ਲਈ ਵਿਭਾਗ ਨਿਮਰਤਾ ਸਹਿਤ ਉਨ੍ਹਾਂ ਦਾ ਰਿਣੀ ਰਹੇਗਾ। ਵਿਭਾਗ ਵੱਲੋਂ ਉਨ੍ਹਾਂ ਦੇ ਹਮਸਫ਼ਰ ਪ੍ਰੋ. ਨਰਿੰਦਰ ਸਿੰਘ ਕਪੂਰ ਅਤੇ ਸਮੂਹ ਪਰਿਵਾਰ ਨਾਲ਼ ਦਿਲੀ ਹਮਦਰਦੀ ਪ੍ਰਗਟ ਕੀਤੀ ਗਈ।