ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਯੁਵਕ ਭਲਾਈ ਵਿਭਾਗ ਵੱਲੋਂ 'ਮੰਗਲਕਾਮਨਾ' ਪ੍ਰੋਗਰਾਮ ਕਰਵਾਇਆ ਗਿਆ। ਪ੍ਰਦਰਸ਼ਨੀ ਕਲਾਵਾਂ ਨਾਲ਼ ਜੁੜੇ ਸਮੂਹ 'ਸਵਾਧਾ' ਨਾਮਕ ਸਮੂਹ ਦੇ ਸਹਿਯੋਗ ਨਾਲ਼ ਕਰਵਾਏ ਇਸ ਪ੍ਰੋਗਰਾਮ ਵਿੱਚ ਕੱਥਕ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਹ ਪੇਸ਼ਕਾਰੀਆਂ ਕੱਥਕ ਨਰਤਕੀ ਮਾਨਸੀ ਸਕਸੇਨਾ ਅਤੇ ਸਵਧਾ ਰੈਪਰਟਰੀ ਆਫ਼ ਕੱਥਕ ਦੇ ਫ਼ਨਕਾਰਾਂ ਵੱਲੋਂ ਦਿੱਤੀਆਂ ਗਈਆਂ। ਗਣੇਸ਼ ਵੰਦਨਾ ਨਾਲ਼ ਸ਼ੁਰੂ ਹੋਈਆਂ ਪੇਸ਼ਕਾਰੀਆਂ ਕੱਥਕ ਦੀਆਂ ਵੱਖ-ਵੱਖ ਪਰੰਪਰਾਗਤ ਬੰਦਿਸ਼ਾਂ ਨਾਲ਼ ਸਿਖ਼ਰ ਤੱਕ ਪਹੁੰਚੀਆਂ। ਵਰਣਨਯੋਗ ਹੈ ਕਿ ਮਾਨਸੀ ਸਕਸੇਨਾ ਵਿਖਿਆਤ ਕੱਥਕ ਨ੍ਰਿਤ ਗੁਰੂ ਪੰਡਿਤ ਰਾਜੇਂਦਰ ਗੰਗਾਨੀ ਦੇ ਸ਼ਗਿਰਦ ਹਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਵਿਗਿਆਨ ਅਤੇ ਹੋਰ ਗਿਆਨ ਦੇ ਵਿਸਿ਼ਆਂ ਦੇ ਨਾਲ਼-ਨਾਲ਼ ਕਲਾ ਨਾਲ਼ ਜੁੜੇ ਵਿਸ਼ੇ ਵੀ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਇਹੋ ਖਾਸੀਅਤ ਹੈ ਕਿ ਇੱਥੇ ਇਹ ਸਾਰੇ ਵਿਸ਼ਿਆਂ ਦੀਆਂ ਗਤੀਵਿਧੀਆਂ ਨਾਲ਼ੋ-ਨਾਲ਼ ਚਲਦੀਆਂ ਹਨ। ਉਨ੍ਹਾਂ ਯੁਵਕ ਭਲਾਈ ਵਿਭਾਗ ਨੂੰ ਇਸ ਗੱਲ ਲਈ ਵਿਸ਼ੇਸ਼ ਵਧਾਈ ਦਿੱਤੀ ਕਿ ਉਨ੍ਹਾਂ ਤਕਰੀਬਨ ਢਾਈ ਸਾਲ ਬਾਅਦ 'ਮੰਗਲਕਾਮਨਾ' ਸਿਰਲੇਖ ਤਹਿਤ ਕਰਵਾਇਆ ਜਾਂਦਾ ਇਹ ਮਹੀਨਾਵਾਰ ਪ੍ਰੋਗਰਾਮ ਮੁੜ ਸ਼ੁਰੂ ਕੀਤਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪ੍ਰੋ. ਡੇਜ਼ੀ ਵਾਲੀਆ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਨ੍ਰਿਤ ਵਿਭਾਗ ਦੇ ਮੋਢੀ ਮੁਖੀ ਰਹੇ ਹਨ, ਨੇ ਆਪਣੇ ਭਾਸ਼ਣ ਵਿੱਚ ਜਿੱਥੇ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਉੱਥੇ ਹੀ ਆਪਣੇ ਕੁੱਝ ਤਜਰਬੇ ਵੀ ਸਾਂਝੇ ਕੀਤੇ।
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਹੋਣ ਵਾਲ਼ਾ ਇਹ ਪ੍ਰੋਗਰਾਮ ਹੁਣ ਨਿਰੰਤਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵੱਖ-ਵੱਖ ਕਲਾਵਾਂ ਨਾਲ਼ ਜੁੜੇ ਫ਼ਨਕਾਰਾਂ ਨੂੰ ਇੱਕ ਮੰਚ ਮੁਹੱਈਆ ਕਰਵਾਉਂਦਾ ਰਹੇਗਾ।
ਮੰਚ ਸੰਚਾਲਨ ਕਰਦੇ ਹੋਏ ਡਾ. ਵੀਰਪਾਲ ਕੌਰ ਸਿੱਧੂ ਨੇ ਕੱਥਕ ਨ੍ਰਿਤ ਬਾਰੇ ਅਤੇ 'ਮੰਗਲਕਾਮਨਾ' ਪ੍ਰੋਗਰਾਮ ਬਾਰੇ ਚਾਨਣਾ ਪਾਇਆ। ਸ਼੍ਰੀ ਮੁਕੇਸ਼ ਨੇ ਨ੍ਰਿਤ ਪੇਸ਼ਕਾਰੀਆਂ ਦਾ ਬਿਉਰਾ ਪੇਸ਼ ਕੀਤਾ। ਸੰਗੀਤ ਵਿਭਾਗ ਦੇ ਪ੍ਰੋਫੈਸਰ ਡਾ. ਨਿਵੇਦਿਤਾ ਸਿੰਘ ਨੇ ਯੂਨੀਵਰਸਿਟੀ ਵੱਲੋਂ ਕਲਾਕਾਰਾਂ ਨੂੰ ਦਿੱਤੇ ਜਾਣ ਵਾਲੇ ਅਵਸਰਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸੁਰਜੀਤ ਸਿੰਘ ਭੱਟੀ ਵੱਲੋਂ ਮੰਗਲਕਾਮਨਾ ਦੀ ਸਾਰਥਕਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਐਸ.ਡੀ.ਓ. ਦਿਆਲ ਸਿੰਘ ਗਿੱਲ, ਡਾ. ਜਗਮੋਹਨ ਸ਼ਰਮਾ, ਡਾ. ਪੁਸ਼ਪਿੰਦਰ ਕੁਮਾਰ, ਡਾ. ਬਲਵਿੰਦਰ ਕੌਰ ਭੱਟੀ, ਸ਼੍ਰੀ ਬਲਕਰਨ ਬਰਾੜ, ਸ਼੍ਰੀ ਦਲਜੀਤ ਡਾਲੀ ਆਦਿ ਵੀ ਹਾਜ਼ਰ ਸਨ।