ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਅਜ਼ਾਦੀ ਦਿਵਸ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ ਨੇ ਦੱਸਿਆ ਕਿ 'ਸੈਨਿਕਾਂ ਦੀਆਂ ਪਤਨੀਆਂ ਵਿੱਚ ਹਿੰਮਤ' ਸਿਰਲੇਖ ਅਧੀਨ ਕਰਵਾਏ ਇਸ ਪ੍ਰੇਰਣਾਦਾਇਕ ਪ੍ਰੋਗਰਾਮ ਵਿੱਚ ਸ਼ਹੀਦ ਮੇਜਰ ਐੱਸ.ਪੀ.ਐੱਸ. ਵੜੈਚ ਦੇ ਹਮਸਫ਼ਰ ਸ੍ਰੀਮਤੀ ਰੁਪਿੰਦਰ ਕੌਰ, ਜੋ 50 ਸਾਲਾਂ ਤੋਂ ਉੱਦਮੀ ਵਜੋਂ ਵਿਚਰ ਰਹੇ ਹਨ ਅਤੇ ਹੁਣ 80 ਸਾਲ ਦੀ ਉਮਰ ਵਿੱਚ ਵੀ ਪ੍ਰੇਰਣਾਸਰੋਤ ਹਨ, ਨੇ ਵਿਦਿਆਰਥੀਆਂ ਨਾਲ਼ ਆਪਣੀ ਹਿੰਮਤ, ਮਜ਼ਬੂਤੀ ਅਤੇ ਮੁਸੀਬਤਾਂ ਵਿੱਚ ਦ੍ਰਿੜਤਾ ਨਾਲ਼ ਖੜ੍ਹੇ ਰਹਿਣ ਬਾਰੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਉਹ ਬ੍ਰਿਗੇਡੀਅਰ ਬੰਤ ਸਿੰਘ ਦੀ ਧੀ, ਬ੍ਰਿਗੇਡੀਅਰ ਸੁਖਦੇਵ ਸਿੰਘ ਦੀ ਭੈਣ ਅਤੇ ਮੇਜਰ ਜਨਰਲ ਜੀ.ਐੱਸ. ਮਲ੍ਹੀ ਦੀ ਸਾਲੀ ਹਨ।
ਇਹ ਸੈਸ਼ਨ ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ ਵੱਲੋਂ ਸੰਚਾਲਿਤ ਕੀਤਾ ਗਿਆ, ਜਿਸ ਵਿੱਚ ਫ਼ੈਕਲਟੀ ਮੈਂਬਰ ਡਾ. ਸੁਖਵਿੰਦਰ ਸਿੰਘ ਅਤੇ ਡਾ. ਅਮਨਦੀਪ ਕੌਰ ਨੇ ਸਹਿਯੋਗ ਦਿੱਤਾ। ਸੈਂਟਰ ਵੱਲੋਂ ਸ੍ਰੀਮਤੀ ਰੁਪਿੰਦਰ ਕੌਰ ਨੂੰ ਉਨ੍ਹਾਂ ਦੇ ਪ੍ਰੇਰਣਾਦਾਇਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।