ਪਟਿਆਲਾ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਸ਼ਹਿਰ ਦਾ ਦਿਲ ਤੇ ਫੇਫੜੇ ਸਮਝੇ ਜਾਂਦੇ ਬਾਰਾਂਦਰੀ ਬਾਗ ਦੇ ਬਿਹਤਰ ਰੱਖ ਰਖਾਓ ਲਈ ਹੋਰ ਪੁਖ਼ਤਾ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਅੱਜ ਇਸ ਦੀ ਰੱਖ-ਰਖਾਓ ਲਈ ਕਮੇਟੀ ਨਾਲ ਬੈਠਕ ਕਰਦਿਆਂ ਦੱਸਿਆ ਕਿ ਬਾਰਾਂਦਰੀ ਦੀ ਨੁਹਾਰ ਬਦਲਣ ਲਈ ਲਈ ਐਨ-ਕੈਪ ਤਹਿਤ ਤਜਵੀਜਾਂ ਬਣਾਈਆਂ ਗਈਆਂ ਹਨ, ਜਿਸ ਉਪਰ ਕੰਮ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਪੀਡੀਏ ਦੇ ਏਸੀਏ ਜਸ਼ਨਪ੍ਰੀਤ ਕੌਰ ਗਿੱਲ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਦੀਪ ਗਰੇਵਾਲ, ਵਣ ਰੇਂਜ ਅਫ਼ਸਰ ਚਰਨਜੀਤ ਸਿੰਘ ਸੋਢੀ, ਨਗਰ ਨਿਗਮ ਹੋਰ ਅਧਿਕਾਰੀਆਂ ਸਮੇਤ ਬਾਰਾਂਦਰੀ ਬਾਗ ਦੇ ਰੱਖ ਰਖਾਓ ਲਈ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਦਿਆਂ ਕਿਹਾ ਕਿ ਇਸ ਨੂੰ ਚੰਡੀਗੜ੍ਹ ਦੇ ਬਾਗਾਂ ਦੀ ਤਰ੍ਹਾਂ ਵਿਕਸਤ ਕਰਨ 'ਤੇ ਜ਼ੋਰ ਦਿੱਤਾ ਜਾਵੇ।
ਇਸ ਦੌਰਾਨ ਮਤਾ ਪਾਸ ਕਰਕੇ ਐਨ.ਜੀ.ਓ. ਯੰਗ ਸਟਾਰ ਨੂੰ ਸਰਕਟ ਹਾਊਸ ਦੇ ਸਾਹਮਣੇ ਵਾਲੇ ਚੌਂਕ ਦੇ ਰੱਖ ਰਖਾਓ ਸਮੇਤ, ਐਨਜੀਓ ਪਟਿਆਲਾ ਪ੍ਰਾਈਡ ਨੂੰ ਲੀਲਾ ਭਵਨ ਚੌਂਕ ਤੋਂ ਰਿੰਕ ਹਾਲ ਤੱਕ ਨੀਵਾਂ ਖੇਤ ਦੇ ਰੱਖ ਰਖਾਓ ਅਤੇ ਮੈਜ. ਹਨੀ ਫਾਰਮ ਨੂੰ 20 ਨੰਬਰ ਫਾਟਕ ਤੋਂ ਮੁੱਖ ਖੇਤੀਬਾੜੀ ਅਫ਼ਸਰ ਦਫ਼ਤਰ ਤੋਂ ਅੱਗੇ ਚੌਂਕ ਤੱਕ ਰੱਖ ਰਖਾਓ ਲਈ ਦਿੱਤਾ ਗਿਆ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇੱਥੇ ਸਵੇਰੇ ਸ਼ਾਮ ਵੱਡੀ ਗਿਣਤੀ ਸ਼ਹਿਰ ਵਾਸੀ ਸੈਰ ਕਰਨ ਆਉਂਦੇ ਹਨ ਤੇ ਇਸ ਤੋਂ ਇਲਾਵਾ ਦਿਨ ਭਰ ਸਕੂਲੀ ਬੱਚੇ ਤੇ ਆਮ ਲੋਕ ਇੱਥੇ ਟਹਿਲਣ ਲਈ ਵੀ ਆਉਂਦੇ ਹਨ ਅਤੇ ਵਿਦਿਆਰਥੀ ਪੜ੍ਹਨ ਲਈ ਬੈਠਦੇ ਹਨ, ਜਿਨ੍ਹਾਂ ਦੀ ਸਹੂਲਤ ਲਈ ਬੈਂਬੂ ਹੱਟ ਬਣਾਉਣ ਤੋਂ ਇਲਾਵਾ ਬੈਂਚ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਬੱਚਿਆਂ ਲਈ ਵਧੀਆ ਝੂਲੇ ਲਾਉਣ ਲਈ ਨਵਾਂ ਟੈਂਡਰ ਲਾਇਆ ਜਾ ਰਿਹਾ ਹੈ।