ਹੁਸ਼ਿਆਰਪੁਰ : ਵਿਦਿਆਰਥੀ ਜੀਵਨ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਿਸ ਦੌਰਾਨ ਮਨੁੱਖ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਚਰਿੱਤਰ ਚੰਗੇ ਗੁਣਾਂ ਅਤੇ ਚੰਗੀਆਂ ਆਦਤਾਂ ਦਾ ਸਮੂਹ ਹੈ। ਅਨੁਸ਼ਾਸਨ ਮਨੁੱਖ ਦੇ ਵਧੀਆ ਚਿੱਤਰ ਦਾ ਨਿਰਮਾਣ ਕਰਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਿੰਸੀਪਲ ਸੁਰਜੀਤ ਸਿੰਘ ਬੱਧਣ ਸਕੂਲ ਆਫ ਐਮੀਨੈਂਸ ਬਾਗਪੁਰ ਸਤੌਰ ਨੇ ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਜਿਹੋ ਜਿਹੀਆਂ ਆਦਤਾਂ ਵਿਦਿਆਰਥੀ ਜੀਵਨ ਵਿੱਚ ਬਣ ਜਾਂਦੀਆਂ ਹਨ, ਉਹੋ ਜਿਹਾ ਹੀ ਮਨੁੱਖ ਦਾ ਚਰਿੱਤਰ ਬਣ ਜਾਂਦਾ ਹੈ।ਅਨੁਸ਼ਾਸਨ ਚੰਗੇ ਚਰਿੱਤਰ ਦੀ ਰੀੜ ਦੀ ਹੱਡੀ ਹੁੰਦਾ ਹੈ। ਉਹਨਾਂ ਕਿਹਾ ਕਿ ਜ਼ਿੰਦਗੀ ਦੇ ਹਰੇਕ ਪੜਾਅ ਉੱਤੇ ਅਨੁਸ਼ਾਸਨ ਦਾ ਮਹੱਤਵ ਹੈ ਅਤੇ ਹਰ ਮੋੜ ਤੇ ਇਸਦੀ ਲੋੜ ਹੈ। ਪ੍ਰਿੰਸੀਪਲ ਸਰਜੀਤ ਸਿੰਘ ਬੱਧਣ ਨੇ ਕਿਹਾ ਕਿ ਸਮੁੱਚੀ ਕੁਦਰਤ ਨਿਯਮਾਂ ਵਿੱਚ ਬੱਝੀ ਚੱਲ ਰਹੀ ਹੈ। ਦਿਨ ਚੜਦਾ ਹੈ, ਰਾਤ ਪੈਂਦੀ ਹੈ ਅਤੇ ਤਰਤੀਬ ਅਨੁਸਾਰ ਮੌਸਮ ਬਦਲਦੇ ਹਨ। ਕੁਦਰਤ ਦਾ ਅਨੁਸ਼ਾਸਨ ਰਤਾ ਵੀ ਭੰਗ ਹੋਵੇ ਤਾਂ ਪਰਲੋ ਦੀ ਸਥਿਤੀ ਬਣ ਜਾਂਦੀ ਹੈ। ਇਸੇ ਹੀ ਤਰ੍ਹਾਂ ਖੁਸ਼ਹਾਲ ਜ਼ਿੰਦਗੀ ਦਾ ਆਨੰਦ ਲੈਣ ਲਈ ਅਨੁਸ਼ਾਸਨ ਜ਼ਰੂਰੀ ਹੈ। ਉਹਨਾਂ ਕਿਹਾ ਸਕੂਲ ਅਤੇ ਸਿੱਖਿਆ ਸੰਸਥਾਵਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਪੈਦਾ ਕਰਨ ਲਈ ਯਤਨ ਕਰ ਰਹੀਆਂ ਹਨ। ਇਸ ਦੇ ਨਾਲ-ਨਾਲ ਮਾਪੇ ਅਤੇ ਸਮਾਜ ਨੂੰ ਵੀ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਕਿਉਂਕਿ ਕਈ ਵਾਰ ਅਨੁਸ਼ਾਸਨਹੀਣਤਾ ਦੇ ਕਾਰਨ ਹੀ ਕਈ ਬੱਚੇ ਨਸ਼ਿਆਂ ਦੀ ਦਲ ਵਿੱਚ ਫਸ ਜਾਂਦੇ ਹਨ ਜਾਂ ਫਿਰ ਬੁਰੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ। ਵਿਦਿਆਰਥੀ ਜੀਵਨ ਵਿੱਚ ਹੀ ਨਸ਼ਿਆਂ ਦੇ ਆਦੀ ਹੋਏ ਬੱਚੇ ਸਦਗੁਣਾਂ ਤੋਂ ਦੂਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿਰਫ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਸਭ ਲਈ ਅਨੁਸ਼ਾਸਨ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਆਪਕਾਂ ਅਤੇ ਮਾਪਿਆਂ ਆਗਿਆ ਦਾ ਪਾਲਣ ਕਰਦੇ ਹੋਏ ਅਨੁਸ਼ਾਸਨ ਵਿੱਚ ਰਹਿਣ ਤਾਂ ਜੋ ਉਹ ਸਫਲਤਾ ਦੀਆਂ ਉੱਚੀਆਂ ਮੰਜਿਲਾਂ ਨੂੰ ਛੂਹ ਸਕਣ ਅਤੇ ਖੁਸ਼ਹਾਲ ਜੀਵਨ ਦਾ ਆਨੰਦ ਮਾਣ ਸਕਣ।