ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਅਜਾਇਬ ਘਰ ਅਤੇ ਕਲਾ ਗੈਲਰੀ ਵਿੱਚ ਸ੍ਰ. ਸ਼ੋਭਾ ਸਿੰਘ ਫਾਈਨ ਆਰਟਸ ਵਿਭਾਗ ਅਤੇ 'ਕਲਾ ਸੰਗਮ' ਨਾਮਕ ਸੰਗਠਨ ਵੱਲੋਂ ਚਿੱਤਰ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। 'ਅਗਾਜ਼' ਸਿਰਲੇਖ ਹੇਠ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਵੱਖ-ਵੱਖ ਸ਼ੈਲੀ ਦੇ ਚਿੱਤਰਾਂ ਦੀ ਸ਼ਲਾਘਾ ਕੀਤੀ ਅਤੇ ਇਸ ਕਦਮ ਲਈ ਵਿਭਾਗ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਫ਼ਨਕਾਰਾਂ ਦੇ ਮਨ ਦੀ ਗਹਿਰਾਈ ਸਮੁੰਦਰ ਤੋਂ ਵੀ ਡੂੰਘੀ ਹੁੰਦੀ ਹੈ। ਸਾਨੂੰ ਇਸ ਗਹਿਰਾਈ ਦੇ ਪੱਧਰ ਉੱਤੇ ਜਾ ਕੇ ਕਲਾ ਨੂੰ ਮਾਣਨ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਭ ਦੇ ਅੰਦਰ ਇੱਕ ਕਲਾਕਾਰ ਛੁਪਿਆ ਹੁੰਦਾ ਹੈ ਇਸ ਲਈ ਆਪਣੇ ਭਾਵਾਂ ਦਾ ਪ੍ਰਗਟਾਵਾ ਲਾਜ਼ਮੀ ਹੈ।
ਰਜਿਸਟਰਾਰ ਡਾ. ਸੰਜੀਵ ਪੁਰੀ ਵੱਲੋਂ ਵੀ ਇਸ ਮੌਕੇ ਬੋਲਦਿਆਂ ਇਸ ਕਲਾ ਪ੍ਰਦਰਸ਼ਨੀ ਨੂੰ ਸਲਾਹਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਅਨੁਸ਼ਾਸਨਾਂ ਦੀਆਂ ਹੋਰ ਗਤੀਵਿਧੀਆਂ ਦੇ ਨਾਲ਼-ਨਾਲ਼ ਅਜਿਹੀਆਂ ਪ੍ਰਦਰਸ਼ਨੀਆਂ ਦਾ ਲੱਗਣਾ ਪੰਜਾਬੀ ਯੂਨੀਵਰਸਿਟੀ ਨੂੰ ਅਸਲ ਅਰਥਾਂ ਵਿੱਚ ਅੰਤਰ-ਅਨੁਸ਼ਾਸਨੀ ਪਹੁੰਚ ਵਾਲ਼ਾ ਅਦਾਰਾ ਬਣਾਉਂਦਾ ਹੈ।
ਵਿਭਾਗ ਮੁਖੀ ਪ੍ਰੋ. ਅੰਬਾਲਿਕਾ ਸੂਦ ਜੈਕਬ ਨੇ ਦੱਸਿਆ ਕਿ ਨਵੇਂ ਉੱਭਰ ਰਹੇ ਫ਼ਨਕਾਰਾਂ ਵੱਲੋਂ 'ਕਲਾ ਸੰਗਮ' ਦੇ ਨਾਮ ਹੇਠ ਸੰਗਠਿਤ ਹੋਣ ਦਾ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸੰਗਠਨ ਭਵਿੱਖ ਵਿੱਚ ਹੋਰ ਵਧੇਰੇ ਸਿਰਜਣਾਤਮਕ ਅਤੇ ਉਸਾਰੂ ਗਤੀਵਿਧੀਆਂ ਕਰੇਗਾ।