ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵੱਲੋਂ ‘ਪੰਚਬਟੀ ਸੰਦੇਸ਼’ ਦਾ ਅਪ੍ਰੈਲ-ਅਕਤੂਬਰ ਅੰਕ ਰਿਲੀਜ਼ ਕੀਤਾ ਗਿਆ। ਡਾ. ਬਲਬੀਰ ਸਿੰਘ ਨਾਲ ਸੰਬੰਧਿਤ ਇਹ ਵਿਸ਼ੇਸ਼ ਅੰਕ ਇਹਨਾਂ ਦੇ ਜੀਵਨ, ਸਾਹਿਤਕ ਅਤੇ ਧਾਰਮਿਕ ਯੋਗਦਾਨ ਪ੍ਰਤੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹਨਾਂ ਦਾ ਸਮੁੱਚਾ ਜੀਵਨ ਸਿੱਖ ਧਰਮ ਦੇ ਗ੍ਰੰਥਾਂ ਦੇ ਅਧਿਐਨ ਲਈ ਸਮਰਪਿਤ ਰਿਹਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਹ ਵਿਸ਼ੇਸ਼ ਅੰਕ ਰਿਲੀਜ਼ ਕਰਦੇ ਹੋਏ ਕਿਹਾ ਕਿ ਸਿੱਖ ਅਧਿਐਨ ਸੰਬੰਧੀ ਡਾ. ਬਲਬੀਰ ਸਿੰਘ ਦੀ ਦ੍ਰਿਸ਼ਟੀ ਨੂੰ ਸਮਝਣ ਲਈ ਇਹ ਅੰਕ ਸਿੱਖ ਧਰਮ ਦੇ ਖੋਜਾਰਥੀਆਂ ਅਤੇ ਵਿਿਦਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।
ਕੇਂਦਰ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਡਾ. ਕੁਲਵਿੰਦਰ ਸਿੰਘ ਦੇਹਰਾਦੂਨ ਦੇ ਸਹਿਯੋਗ ਨਾਲ ਇਹ ਅੰਕ ਤਿਆਰ ਕੀਤਾ ਗਿਆ ਹੈ। ਡਾ. ਬਲਬੀਰ ਸਿੰਘ ਨੇ ਲੰਦਨ ਤੋਂ ਕੈਮਿਸਟਰੀ ਵਿਸ਼ੇ ਵਿਚ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਫਿਰ ਆਪਣੇ ਵੱਡੇ ਭਰਾ ਭਾਈ ਵੀਰ ਸਿੰਘ ਜੀ ਦੇ ਪ੍ਰਭਾਵ ਅਧੀਨ ਸਿੱਖ ਅਧਿਐਨ ਦੇ ਕਾਰਜ ਵੱਲ ਰੁਚਿਤ ਹੋ ਗਏ ਸਨ। ਇਹਨਾਂ ਨੇ ਸਿੱਖ ਅਧਿਐਨ ਸੰਬੰਧੀ ਪੈਦਾ ਹੋਏ ਵਿਵਾਦਾਂ ਨੂੰ ਸੁਲਝਾਉਣ ਅਤੇ ਸਿੱਖ ਸਿਧਾਂਤਾਂ ਨੂੰ ਗੁਰਮਤਿ ਦੀ ਦ੍ਰਿਸ਼ਟੀ ਤੋਂ ਸਮਝਣ ਲਈ ਵਿਸ਼ੇਸ਼ ਯੋਗਦਾਨ ਪਾਇਆ ਸੀ। 2024 ਵਿਚ ਇਹਨਾਂ ਦੇ ਅਕਾਲ ਚਲਾਣੇ ਦੀ 50ਵੀਂ ਬਰਸੀ ਮੌਕੇ ਇਹ ਅੰਕ ਤਿਆਰ ਕਰਨ ਦਾ ਯਤਨ ਅਰੰਭਿਆ ਗਿਆ ਸੀ ਜਿਹੜਾ ਕਿ ਸਿੱਖ ਅਧਿਐਨ ਨਾਲ ਸੰਬੰਧਿਤ ਵਿਦਵਾਨਾਂ ਦੇ ਸਹਿਯੋਗ ਨਾਲ ਸੰਪੂਰਨ ਕੀਤਾ ਗਿਆ ਹੈ। ਇਸ ਅੰਕ ਵਿਚ ਡਾ. ਬਲਬੀਰ ਸਿੰਘ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਨਾਲ ਸੰਬੰਧਿਤ ਡਾ. ਜਸਬੀਰ ਸਿੰਘ ਸਾਬਰ, ਡਾ. ਧਰਮ ਸਿੰਘ ਅੰਮ੍ਰਿਤਸਰ, ਡਾ. ਧਰਮ ਸਿੰਘ ਪਟਿਆਲਾ, ਸ. ਨਿਰਵੈਰ ਸਿੰਘ ਅਰਸ਼ੀ ਸਮੇਤ 20 ਵਿਦਵਾਨਾਂ ਦੇ ਲੇਖ ਸ਼ਾਮਲ ਕੀਤੇ ਗਏ ਹਨ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਡਾ. ਸੰਜੀਵ ਪੁਰੀ, ਡਾ. ਜਸਵਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।