ਸ਼ਹੀਦਾਂ ਦੇ ਇਤਿਹਾਸ ਨੂੰ ਸਾਂਭਣਾ ਹੈ ਸਾਡੀ ਪੀੜ੍ਹੀ ਦੀ ਵੱਡੀ ਜਿ਼ੰਮੇਵਾਰੀ : ਡਾ. ਸੁਖਦੇਵ ਸਿੰਘ ਸੋਹਲ
ਸ਼ਹੀਦ ਊਧਮ ਸਿੰਘ ਜੀ ਨਾਲ਼ ਸੰਬੰਧਿਤ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਲਈ ਉਪਰਾਲੇ ਕਰੇਗੀ ਯੂਨੀਵਰਸਿਟੀ ਦੀ ਸਬੰਧਤ ਚੇਅਰ : ਡਾ. ਪਰਮਜੀਤ ਗਿੱਲ
ਪਟਿਆਲਾ :ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵਿੱਚ ਸਥਾਪਿਤ ਸ਼ਹੀਦ ਊਧਮ ਸਿੰਘ ਚੇਅਰ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਵਿਭਾਗ ਮੁਖੀ ਅਤੇ ਚੇਅਰ ਦੇ ਇੰਚਾਰਜ ਡਾ. ਪਰਮਜੀਤ ਕੌਰ ਗਿੱਲ ਨੇ ਦੱਸਿਆ ਕਿ 'ਸ਼ਹੀਦ ਊਧਮ ਸਿੰਘ : ਸਵੈ-ਮਾਣ ਅਤੇ ਆਜ਼ਾਦੀ ਦਾ ਮੁਜੱਸਮਾ' ਵਿਸ਼ੇ ਉੱਤੇ ਕਰਵਾਏ ਇਸ ਸਿੰਪੋਜ਼ੀਅਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਿਟਾਇਰਡ ਪ੍ਰੋਫੈਸਰ ਡਾ. ਸੁਖਦੇਵ ਸਿੰਘ ਸੋਹਲ ਨੇ ਮੁੱਖ ਬੁਲਾਰੇ ਵਜੋਂ ਅਤੇ ਉੱਘੇ ਲੇਖਕ ਡਾ . ਲਖਵਿੰਦਰ ਸਿੰਘ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਪ੍ਰੋਗਰਾਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘਨ ਨੇ ਕੀਤੀ। ਇਸ ਮੌਕੇ ਸੋਸ਼ਲ ਸਾਇੰਸਜ਼ ਫ਼ੈਕਲਟੀ ਦੇ ਡੀਨ ਡਾ. ਜਸਵਿੰਦਰ ਸਿੰਘ ਬਰਾੜ ਵੀ ਹਾਜ਼ਰ ਰਹੇ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹੈ ਕਿ ਅਸੀਂ ਆਜ਼ਾਦ ਦੇਸ਼ ਵਿੱਚ ਜਨਮ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਸਾਡੇ ਸ਼ਹੀਦਾਂ ਨੂੰ ਹੀ ਜਾਂਦਾ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੀਆਂ ਡਾਇਰੀਆਂ, ਚਿੱਠੀਆਂ ਆਦਿ ਤੋਂ ਇੱਕ ਸੰਪੂਰਨ ਦਸਤਾਵੇਜ਼ ਤਿਆਰ ਕੀਤਾ ਜਾਵੇਗਾ। ਉਨ੍ਹਾਂ ਇਹ ਸਿੰਪੋਜ਼ੀਅਮ ਕਰਵਾਉਣ ਲਈ ਸ਼ਹੀਦ ਊਧਮ ਸਿੰਘ ਚੇਅਰ ਦੇ ਇੰਚਾਰਜ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।
ਡਾ. ਸੁਖਦੇਵ ਸਿੰਘ ਸੋਹਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਚ ਇਸ ਗੱਲ ਤੇ ਚਿੰਤਾ ਜਾਹਿਰ ਕੀਤੀ ਕਿ ਸ਼ਹੀਦ ਊਧਮ ਸਿੰਘ ਜੀ ਨੂੰ ਆਜ਼ਾਦੀ ਦੇ ਬਾਅਦ ਲਿਖੇ ਸਿੱਖ ਇਤਿਹਾਸ ਚੋਂ ਗਾਇਬ ਰੱਖਿਆ ਗਿਆ। ਇਸ ਲਈ ਉਨ੍ਹਾਂ ਬਾਰੇ ਇਤਿਹਾਸ ਨੂੰ ਸੰਭਾਲਣ ਦੀ ਸਾਡੀ ਪੀੜ੍ਹੀ ਦੀ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੂੰ ਇਤਿਹਾਸ, ਦਰਸ਼ਨ, ਸਿਆਸਤ , ਸਮਾਜਕ ਸਰੋਕਾਰਾਂ ਸਾਹਿਤ ਅਤੇ ਸੱਭਿਆਚਾਰ ਦੇ ਸੰਦਰਭ ਵਿੱਚ ਸਮਝਣਾ ਲਾਜ਼ਮੀ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸ਼ਹੀਦ ਊਧਮ ਸਿੰਘ ਨਾਲ਼ ਸੰਬੰਧਿਤ ਇਤਿਹਾਸਿਕ ਵਸਤਾਂ ਸੰਭਾਲਣ ਦੀ ਜ਼ਰੂਰਤ ਹੈ।
ਡਾ. ਲਖਵਿੰਦਰ ਸਿੰਘ ਜੌਹਲ ਨੇ ਵੀ ਇਸ ਗੱਲ ਤੇ ਚਿੰਤਾ ਜਾਹਿਰ ਕੀਤੀ ਕਿ ਸਾਡੇ ਬਹੁਤ ਸਾਰੇ ਨਾਇਕਾ ਨੂੰ ਅੱਖੋਂ ਪਰੋਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਨਾਇਕਾਂ ਜਿਵੇਂ ਕਿ ਮਦਨ ਲਾਲ ਢੀਂਗਰਾ, ਮੇਵਾ ਸਿੰਘ ਲੋਪੋਕੇ ਅਤੇ ਸ਼ਹੀਦ ਊਧਮ ਸਿੰਘ ਜੀ ਨੇ ਵਿਦੇਸ਼ ਦੀ ਧਰਤੀ ਤੇ ਅੰਗ੍ਰੇਜੀ ਹਕੂਮਤ ਦੁਆਰਾ ਕੀਤੇ ਤਸ਼ੱਦਦ ਦਾ ਬਦਲਾ ਲਿਆ . ਕੈਕਸਟਨ ਹਾਲ ਦੇ ਘਟਨਾ ਦਾ ਵਰਨਣ ਕਰਦੇ ਹੋਏ ਜੋਹਲ ਜੀ ਨੇ ਦੱਸਿਆ ਕੇ ਮਾਇਕਲ ਓ’ ਡਵਾਇਰ ਜਲਿਆਂ ਵਾਲੇ ਬਾਗ ਦੀ ਘਟਨਾ ਨੂੰ ਆਪਣੀ ਪ੍ਰਾਪਤੀ ਦੱਸਦਾ ਸੀ. ਊਧਮ ਸਿੰਘ ਨੇ ਮਾਇਕਲ ਓ’ ਡਵਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਜਲਿਆਂ ਵਾਲੇ ਬਾਗ ਦੀ ਘਟਨਾ ਦਾ ਬਦਲਾ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਪਰਮਜੀਤ ਕੌਰ ਗਿੱਲ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਸ਼ਹੀਦ ਊਧਮ ਸਿੰਘ ਚੇਅਰ ਦੁਆਰਾ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਚੇਅਰ ਆਉਣ ਵਾਲੇ ਦਿਨਾਂ ਵਿੱਚ ਸ਼ਹੀਦ ਊਧਮ ਸਿੰਘ ਜੀ ਨਾਲ਼ ਸੰਬੰਧਿਤ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਲਈ ਉਪਰਾਲੇ ਕਰੇਗੀ। ਆਖਿਰ ਵਿੱਚ ਪ੍ਰੋ ਜਸਵਿੰਦਰ ਬਰਾੜ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।