ਸੁਨਾਮ : ਭਾਰਤੀ ਜਨਤਾ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਮੱਦੇਨਜ਼ਰ ਦਾਮਨ ਬਾਜਵਾ ਨੂੰ ਸਰਬਸੰਮਤੀ ਨਾਲ ਭਾਜਪਾ ਜ਼ਿਲ੍ਹਾ ਸੰਗਰੂਰ-2 ਦੀ ਕਮਾਨ ਸੌਂਪੀ ਗਈ ਹੈ। ਸੋਮਵਾਰ ਨੂੰ ਬਠਿੰਡਾ ਤੋਂ ਆਏ ਪਾਰਟੀ ਆਬਜ਼ਰਵਰ ਮੋਹਨ ਲਾਲ ਗਰਗ ਦੀ ਨਿਗਰਾਨੀ ਹੇਠ ਚੋਣ ਪ੍ਰਕਿਰਿਆ ਪੂਰੀ ਕੀਤੀ ਗਈ। ਜਿਸ ਵਿੱਚ ਦਾਮਨ ਥਿੰਦ ਬਾਜਵਾ ਦੇ ਨਾਮ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਦੱਸ ਦੇਈਏ ਦਾਮਨ ਬਾਜਵਾ ਪਹਿਲਾਂ ਸੂਬਾ ਸਕੱਤਰ ਦੇ ਅਹੁਦੇ 'ਤੇ ਸਨ ਅਤੇ ਮੁਕਤਸਰ ਜ਼ਿਲ੍ਹਾ ਇੰਚਾਰਜ ਸਨ। ਭਾਜਪਾ ਦੇ ਆਬਜ਼ਰਵਰ ਮੋਹਨ ਲਾਲ ਗਰਗ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਇੱਕਜੁੱਟ ਹੋਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟ ਜਾਣ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਜਾਕੇ ਜਾਗਰੂਕ ਕਰਨ ਲਈ ਬਕਾਇਦਾ ਮੁਹਿੰਮ ਵਿੱਢੀ ਜਾਵੇ। ਭਾਜਪਾ ਆਗੂਆਂ ਅਤੇ ਵਰਕਰਾਂ ਦਾ ਨਵੀਂ ਜਿੰਮੇਵਾਰੀ ਦੇਣ ਤੇ ਧੰਨਵਾਦ ਕਰਦਿਆਂ ਦਾਮਨ ਬਾਜਵਾ ਨੇ ਕਿਹਾ ਕਿ ਭਾਜਪਾ ਨੂੰ ਹਰ ਪਿੰਡ, ਹਰ ਬੂਥ ਵਿੱਚ ਮਜ਼ਬੂਤ ਕੀਤਾ ਜਾਵੇਗਾ। ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਇਕੱਠਾ ਕੀਤਾ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਵਿੱਚ ਪੰਜਾਬ ਭਾਜਪਾ ਦੇ ਵਰਕਰ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਵਰਕਰ ਹੀ ਪਾਰਟੀ ਦੀ ਅਸਲ ਤਾਕਤ ਹਨ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਕੁਲਭੂਸ਼ਣ ਗੋਇਲ ਦਿੜਬਾ, ਡਾਕਟਰ ਜਗਮਹਿੰਦਰ ਸੈਣੀ, ਵਿਨੋਦ ਸਿੰਗਲਾ, ਸੰਜੇ ਗੋਇਲ, ਰਾਂਝਾ ਬਖਸ਼ੀ ਖਨੌਰੀ, ਅੰਮ੍ਰਿਤ ਰਾਜਦੀਪ ਸਿੰਘ ਚੱਠਾ, ਸ਼ੰਕਰ ਬਾਂਸਲ, ਹਿੰਮਤ ਸਿੰਘ ਬਾਜਵਾ, ਰਾਜੀਵ ਕੁਮਾਰ ਮੱਖਣ, ਅਸ਼ੋਕ ਗੋਇਲ, ਰਾਕੇਸ਼ ਕੁਮਾਰ ਟੋਨੀ, ਸ਼ੇਰਵਿੰਦਰ ਸਿੰਘ ਡਸਕਾ, ਜਗਪਾਲ ਸਿੰਘ ਗੰਢੂਆ ਸਮੇਤ ਵੱਡੀ ਗਿਣਤੀ ਵਿੱਚ ਭਾਜਪਾਈ ਹਾਜ਼ਰ ਸਨ।