ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਹੋਸਟਲ ਵਿੱਚ ਸਮੂਹ ਵਿਦਿਆਰਥੀਆਂ ਨੇ 'ਤੀਆਂ ਤੀਜ ਦੀਆਂ' ਸਿਰਲੇਖ ਤਹਿਤ ਤੀਆਂ ਦਾ ਤਿਉਹਾਰ ਮਨਾਇਆ।
ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ ਅਤੇ ਸੀਨੀਅਰ ਵਾਰਡਨ ਲਾਭ ਕੌਰ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿੱਚ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਵਿਦਿਆਰਥੀਆਂ ਨੇ ਸਾਉਣ ਮਹੀਨੇ ਦੀ ਮਹੱਤਤਾ ਨੂੰ ਦਰਸਾਉਂਦੀਆਂ ਬੋਲੀਆਂ, ਗੀਤ ਅਤੇ ਗਿੱਧੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ਼ ਸਮਾਗਮ ਵਿੱਚ ਰੰਗ ਬੰਨ੍ਹਿਆ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਉੱਚੀਆਂ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ ਅਤੇ ਪੰਜਾਬੀ ਭਾਸ਼ਾ ਤੇ ਵਿਰਸੇ ਨਾਲ ਜੁੜੇ ਰਹਿਣ ਲਈ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਹੋਸਟਲ ਦੀਆਂ ਵੱਖ-ਵੱਖ ਕਮੇਟੀਆਂ ਵਿੱਚ ਕੰਮ ਕਰਦੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।
ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਫਲ ਪ੍ਰੋਗਰਾਮ ਲਈ ਵਧਾਈ ਦਿੱਤੀ। ਇਸ ਮੌਕੇ ਲੜਕੀਆਂ ਦੇ ਹੋਸਟਲਾਂ ਦੇ ਵਾਰਡਨ ਵੀ ਹਾਜ਼ਰ ਰਹੇ।