ਬਰਸਾਤੀ ਮੌਸਮ 'ਚ ਪਟਵਾਰੀਆਂ ਤੱਕ ਪਹੁੰਚਣ ਲਈ ਲੋਕਾਂ ਨੂੰ ਕਰਨੀ ਪੈ ਰਹੀ ਭਾਰੀ ਮੁਸ਼ੱਕਤ
ਹੁਸ਼ਿਆਰਪੁਰ : ਪ੍ਰਸਾਸ਼ਨਿਕ ਅਣਗਹਿਲੀ ਦੇ ਚੱਲਦਿਆਂ ਬਰਸਾਤੀ ਮੌਸਮ ਵਿੱਚ ਆਮ ਲੋਕਾਂ ਨੂੰ ਐਸਡੀਐਮ ਹੁਸ਼ਿਆਰਪੁਰ ਕੰਪਲੈਕਸ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਨਾ ਹੋਣ ਕਾਰਨ ਬੇਸ਼ੁਮਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਮੇਸ਼ਾ ਵਾਂਗ ਖਾਸ ਕਰਕੇ ਐਸਡੀਐਮ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ ਅਤੇ ਆਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਅਵੇਸਲੇਪਣ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਭਾਵੇਂ ਸਾਰੇ ਐਸਡੀਐਮ ਦਫਤਰ ਕੰਪਲੈਕਸ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ ਪਰ ਖਾਸ ਕਰਕੇ ਪਟਵਾਰਖਾਨੇ ਵੱਲ ਜਾਂਦੇ ਰਸਤੇ 'ਤੇ ਲਗਾਤਾਰ ਪਾਣੀ ਖੜਾ ਰਹਿਣ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਐਸਡੀਐਮ ਕੰਪਲੈਕਸ ਦੀ ਨਵੀਂ ਬਿਲਡਿੰਗ ਤਿਆਰ ਹੋਣ ਉਪਰੰਤ ਵਰਤੋਂ ਵਿੱਚ ਲਿਆਂਦੀ ਜਾ ਰਹੀ ਹੈ। ਇਸ ਨਵੀਂ ਬਣਾਈ ਗਈ ਇਮਾਰਤ ਦੀ ਕੁਰਸੀ ਹੋਰਨਾਂ ਇਮਾਰਤਾਂ ਨਾਲੋਂ ਉੱਚੀ ਰੱਖੀ ਹੋਣ ਕਾਰਣ ਬਾਕੀ ਸਾਰੀ ਇਮਾਰਤ ਅਤੇ ਵੱਖ ਵੱਖ ਸਥਾਨਾਂ ਵੱਲ ਜਾਂਦੇ ਰਸਤੇ ਨੀਵੇਂ ਹੋ ਗਏ ਹਨ। ਥੋੜੀ ਜਿਹੀ ਬਰਸਾਤ ਹੋਣ ਕਾਰਨ ਇਹਨਾਂ ਰਸਤਿਆਂ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਦੀ ਕਈ ਕਈ ਦਿਨ ਨਿਕਾਸੀ ਨਹੀਂ ਹੁੰਦੀ | ਆਮ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਆਮ ਲੋਕਾਂ ਦਾ ਪਟਵਾਰਖਾਨੇ ਵੱਲ ਆਉਣਾ ਜਾਣਾ ਲੱਗਾ ਰਹਿੰਦਾ ਹੈ ਪਰ ਸਿਤਮ ਜਰੀਫੀ ਇਕ ਪਟਵਾਰਖਾਨੇ ਨੂੰ ਜਾਂਦਾ ਰਸਤਾ ਵੀ ਨੀਵਾਂ ਹੋਣ ਕਾਰਣ ਬਰਸਾਤੀ ਮੌਸਮ ਵਿੱਚ ਛੱਪੜ ਦਾ ਰੂਪ ਧਾਰ ਜਾਂਦਾ ਹੈ। ਇਸ ਰਸਤੇ ਦੇ ਐੱਨ ਵਿਚਕਾਰ ਇੱਕ ਸੀਵਰੇਜ ਦਾ ਗੱਟਰ ਵੀ ਪੈਂਦਾ ਹੈ ਜਿਸ ਦਾ ਢੱਕਣ ਟੁੱਟਿਆ ਹੋਇਆ ਹੈ ਅਤੇ ਬਰਸਾਤੀ ਪਾਣੀ ਭਰਨ ਕਾਰਨ ਲੰਘਣ ਵਾਲੇ ਨੂੰ ਬਿਲਕੁਲ ਦਿਖਾਈ ਨਹੀਂ ਦਿੰਦਾ ਜਿਸ ਕਾਰਣ ਆਮ ਲੋਕਾਂ ਤੇ ਵਾਹਨ ਚਾਲਕਾਂ ਨੂੰ ਇਸ ਵਿੱਚ ਡਿੱਗਣ ਤੋਂ ਬਚਾਉਣ ਲਈ ਕਿਸੇ ਸੁਹਿਰਦ ਭੱਦਰਪੁਰਸ਼ ਵੱਲੋਂ ਇਸ ਉੱਪਰ ਫੱਟੇ ਰੱਖ ਕੇ ਲੋਕਾਂ ਦੇ ਲੰਘਣ ਲਈ ਰਸਤਾ ਬਣਾਉਣ ਦਾ ਯਤਨ ਕੀਤਾ ਗਿਆ ਹੈ। ਬਰਸਾਤੀ ਪਾਣੀ ਵਿੱਚ ਇਹ ਫੱਟੇ ਖਿਸਕ ਕਿਸੇ ਗੰਭੀਰ ਦੁਰਘਟਨਾ ਦਾ ਕਾਰਨ ਵੀ ਬਣ ਸਕਦੇ ਹਨ। ਇਸ ਰਸਤੇ 'ਤੇ ਬਰਸਾਤੀ ਪਾਣੀ ਲੰਮੇ ਸਮੇਂ ਤੋਂ ਜਮ੍ਹਾਂ ਹੋਣ ਕਰਕੇ ਗੰਦੇ ਪਾਣੀ ਤੇ ਚਿੱਕੜ ਵਿੱਚੋਂ ਆਮ ਲੋਕਾਂ ਲਈ ਲੰਘਣ ਵਿਚ ਨਾਂ ਸਿਰਫ ਗੰਭੀਰ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਸਗੋਂ ਬੁਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਜਾਨਲੇਵਾ ਬਣ ਚੁੱਕਾ ਹੈ। ਚਿੱਕੜ ਹੋਣ ਕਾਰਨ ਰਸਤਾ ਫਿਸਲਣ ਭਰਿਆ ਹੋ ਜਾਂਦਾ ਹੈ ਜਿਸ ਨਾਲ ਹਾਦਸਿਆਂ ਦਾ ਖਤਰਾ ਵਧ ਜਾਂਦਾ ਹੈ।
ਪ੍ਰਸਾਸ਼ਨਿਕ ਅਧਿਕਾਰੀਆਂ ਦੇ ਕੰਨਾਂ ਤੇ ਨਹੀਂ ਸਰਕਦੀ ਜੂੰਅ:-
ਇਸ ਸਮੱਸਿਆ ਬਾਰੇ ਵਾਰ ਵਾਰ ਸਥਾਨਕ ਪ੍ਰਸ਼ਾਸਨ ਖਾਸ ਕਰਕੇ ਐਸਡੀਐਮ ਹੁਸ਼ਿਆਰਪੁਰ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਕੰਨਾਂ ਤੇ ਕੋਈ ਜੂੰਅ ਨਹੀਂ ਸਰਕ ਰਹੀ ਲੱਗਦੀ | ਕਿਉਂਕਿ ਇਸ ਸਬੰਧੀ ਸਥਾਨਕ ਨਾਗਰਿਕਾਂ ਅਤੇ ਦਫ਼ਤਰੀ ਕਰਮਚਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਮੁੱਦੇ ਬਾਰੇ ਕਈ ਵਾਰੀ ਸੂਚਿਤ ਕੀਤਾ ਹੈ, ਪਰ ਹਾਲੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਹੋਇਆ। ਲੋਕਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਦੀ ਢੁਕਵੀਂ ਵਿਵਸਥਾ ਕੀਤੀ ਜਾਵੇ ਤਾਂ ਜੋ ਪਟਵਾਰਖਾਨੇ ਨੂੰ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਸਹੂਲਤ ਪ੍ਰਾਪਤ ਹੋ ਸਕੇ। ਪ੍ਰਸ਼ਾਸਨ ਨੂੰ ਲੋਕਾਂ ਦੀਆਂ ਚਿੰਤਾਵਾਂ ਦਾ ਸੰਜੇਦਗੀ ਨਾਲ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਣਾ ਚਾਹੀਦਾ ਹੈ।