ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸਮੁਦਾਇ ਸੇਵਾ ਵਿਭਾਗ ਦੇ ਵਿਦਿਆਰਥੀਆਂ ਨੇ ਡਿਜੀਟਲ ਅਕਾਦਮਿਕ ਸਮੱਗਰੀ ਦੀ ਸਿਰਜਣ ਪ੍ਰਕਿਰਿਆ ਨੂੰ ਸਮਝਣ ਦੇ ਉਦੇਸ਼ ਨਾਲ਼ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.), ਪਟਿਆਲਾ ਦਾ ਦੌਰਾ ਕੀਤਾ। ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਦੀ ਅਗਵਾਈ ਵਿੱਚ ਇਹ ਦੌਰਾ ਅਤਿ ਜਾਣਕਾਰੀਪੂਰਨ ਅਤੇ ਪ੍ਰੇਰਣਾਦਾਇਕ ਰਿਹਾ।
ਈ. ਐੱਮ. ਆਰ. ਸੀ. ਤੋਂ ਅਕਾਦਮਿਕ ਕੋਆਰਡੀਨੇਟਰ ਡਾ. ਨਵਪ੍ਰੀਤ ਕੌਰ ਨੇ ਸਕ੍ਰਿਪਟ ਲੇਖਣ, ਵੀਡੀਓ ਚਿਤਰਣ, ਆਡੀਓ ਰਿਕਾਰਡਿੰਗ, ਐਡੀਟਿੰਗ ਅਤੇ ਪੋਸਟ ਪ੍ਰੋਡਕਸ਼ਨ ਆਦਿ ਦੀ ਪ੍ਰਕਿਰਿਆ ਸਮਝਾਈ। ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਡੀ. ਟੀ. ਐੱਚ. ਸਿੱਖਿਆ ਚੈਨਲਾਂ ਬਾਰੇ ਜਾਣਕਾਰੀ ਦਿੱਤੀ ਗਈ, ਜੋ ਮੁਫਤ ਅਤੇ ਪਹੁੰਚਯੋਗ ਸਿੱਖਿਆ ਸਰੋਤ ਹਨ। ਵਿਦਿਆਰਥੀਆਂ ਨੂੰ ਇਨ੍ਹਾਂ ਚੈਨਲਾਂ ਨੂੰ ਅਕਾਦਮਿਕ ਕਾਰਜਾਂ ਲਈ ਵਰਤਣ ਦੀ ਸਲਾਹ ਦਿੱਤੀ ਗਈ। ਡਾ. ਗੁਰਸੰਗੀਤ ਕੌਰ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਨੂੰ ਅਧੁਨਿਕ ਸਿੱਖਣ ਵਿਧੀਆਂ ਨਾਲ ਜੋੜਦੇ ਹਨ।
ਈ. ਐੱਮ. ਆਰ. ਸੀ. ਤੋਂ ਕੈਮਰਾਮੈਨ ਮਨਮੋਹਨ ਸਿੰਘ ਜੋਤੀ ਨੇ ਤਕਨੀਕੀ ਪੱਖ ਸਮਝਾਏ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਡਾ. ਖੁਸ਼ਗੀਤ ਕੌਰ ਅਤੇ ਡਾ. ਪਪਲਦੀਪ ਵੀ ਵਿਦਿਆਰਥੀਆਂ ਨਾਲ਼ ਸਨ।