ਐਸ.ਏ.ਐਸ.ਨਗਰ : ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਸਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਥੇ ਕਿਹਾ ਹੈ ਕਿ ਸੂਬੇ ਦੇ ਕਿਸਾਨਾਂ ਵਲੋਂ ਅੱਜ ਵੱਡੀ ਗਿਣਤੀ ਵਿਚ ਸੜਕਾਂ ਉਤੇ ਉਤਰ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਕੰਧ ਉਤੇ ਲਿਖਿਆ ਪੜ੍ਹ ਕੇ ਕਿਸਾਨ ਵਿਰੋਧੀ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲੈਣੀ ਚਾਹੀਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਭਰ ਵਿਚ ਹਜ਼ਾਰਾਂ ਕਿਸਾਨਾਂ ਦੇ ਲਾਮਿਸਾਲ ਟ੍ਰੈਕਟਰ ਮਾਰਚ ਨੇ ਪੰਜਾਬ ਸਰਕਾਰ ਨੂੰ ਸਪਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਉਹ ਇਸ ਲੈਂਡ ਪੂਲਿੰਗ ਪਾਲਿਸੀ ਕਰਵਾਉਣ ਤੱਕ ਚੈਨ ਨਾਲ ਨਹੀਂ ਬੈਠਣਗੇ। ਉਹਨਾਂ ਕਿਹਾ ਕਿ ਟ੍ਰੈਕਟਰ ਮਾਰਚ ਵਿਚ ਸ਼ਾਮਲ ਕਿਸਾਨਾਂ ਦਾ ਰੋਹ, ਰੋਸ ਅਤੇ ਜੋਸ਼ ਇਹ ਦਰਸਾ ਰਿਹਾ ਸੀ ਕਿ ਉਹਨਾਂ ਨੂੰ ਇਸ ਪਾਲਿਸੀ ਨੂੰ ਰੱਦ ਕਰਵਾਉਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਣਾ ਅਤੇ ਉਹ ਇਸ ਟੀਚੇ ਨੂੰ ਹਾਸਲ ਕਰਨ ਲਈ ਹਰ ਕਿਸਮ ਦੀ ਲੜਾਈ ਲੜਣ ਲਈ ਤਿਆਰ-ਬਰ-ਤਿਆਰ ਹਨ।
ਕਾਂਗਰਸੀ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਥੋਪੇ ਗਏ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੜੇ ਗਏ ਲੰਬੇ ਸੰਘਰਸ਼ ਵਰਗਾ ਮਾਹੌਲ ਪੰਜਾਬ ਵਿਚ ਮੁੜ ਬਣਦਾ ਜਾ ਰਿਹਾ ਹੈ ਅਤੇ ਜੇ ਪੰਜਾਬ ਸਰਕਾਰ ਨੇ ਇਹ ਕਿਸਾਨ ਮਾਰੂ ਪਾਲਿਸੀ ਵਾਪਸ ਨਾ ਲਈ ਤਾਂ ਕਿਸੇ ਸਮੇਂ ਵੀ ਅਣਮਿਥੇ ਸਮੇਂ ਦਾ ਧਰਨਾ ਜਾਂ ਰਸਤਾ ਰੋਕੂ ਮੋਰਚਾ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਜੇ ਅਜਿਹਾ ਵਾਪਰਦਾ ਹੈ ਤਾਂ ਇਸ ਨਾਲ ਸੂਬੇ ਨੂੰ ਹੋਣ ਵਾਲੇ ਨੁਕਸਾਨ ਅਤੇ ਲੋਕਾਂ ਨੂੰ ਹੋਣ ਵਾਲੀ ਔਖ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਸ਼੍ਰੀ ਸਿੱਧੂ ਨੇ ਕਿਹਾ ਕਿ ਇਹ ਗੱਲ ਸਮਝੋਂ ਬਾਹਰ ਹੈ ਕਿ ਸਰਕਾਰ ਬਿਨਾਂ ਕਿਸੇ ਲੋੜ ਤੋਂ ਇਕੱਠੀ 65,000 ਏਕੜ ਉਪਜਾਊ ਜ਼ਮੀਨ ਕਿਉਂ ਹਥਿਆਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮੋਹਾਲੀ ਅਤੇ ਲੁਧਿਆਣਾ ਸ਼ਹਿਰਾਂ ਵਿਚ ਹਜ਼ਾਰਾਂ ਫਲੈਟ ਅਤੇ ਪਲਾਟ ਖਾਲੀ ਪਏ ਹਨ। ਉਹਨਾਂ ਕਿਹਾ ਕਿ ਸੂਬੇ ਦੇ ਸਾਰੇ ਸਨਅਤੀ ਪਾਰਕਾਂ ਵਿਚ ਹਜ਼ਾਰਾਂ ਪਲਾਟ ਜੇ ਵਿਹਲੇ ਪਏ ਸਨ ਤਾਂ ਹੀ ਸੂਬਾ ਸਰਕਾਰ ਨੇ ਅਜੇ ਇਕ ਮਹੀਨਾ ਪਹਿਲਾਂ ਹੀ ਇਹਨਾਂ ਪਲਾਟਾਂ ਵਿਚ ਵਪਾਰਕ ਕਾਰੋਬਾਰ ਕਰਨ ਦੀ ਮਨਜ਼ੂਰੀ ਦਿੱਤੀ ਹੈ। ਉਹਨਾਂ ਹੋਰ ਕਿਹਾ ਕਿ ਸਰਕਾਰ ਨੇ ਵੱਡੇ ਸਨਅਤੀ ਪਲਾਟਾਂ ਦੇ ਟੁਕੜੇ ਕਰਨ ਦੀ ਇਜ਼ਾਜ਼ਤ ਵੀ ਇਸੇ ਕਰ ਕੇ ਦਿਤੀ ਹੈ ਕਿ ਇਹ ਪਲਾਟ ਨਾ ਵਿਕਦੇ ਸਨ ਤੇ ਨਾ ਇਥੇ ਕੋਈ ਸਨਅਤ ਲੱਗ ਰਹੀ ਸੀ। ਕਾਂਗਰਸੀ ਆਗੂ ਨੇ ਪੁੱਛਿਆ ਕਿ ਅਜਿਹੇ ਹਾਲਾਤ ਵਿਚ 21,000 ਏਕੜ ਉਪਜਾਊ ਜ਼ਮੀਨ ਸਨਅਤੀ ਪਾਰਕ ਬਣਾਉਣ ਲਈ ਕਾਠ ਮਾਰ ਕੇ ਰੱਖਣ ਦੀ ਕੋਈ ਤੁਕ ਬਣਦੀ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਮ ਆਦਮੀ ਪਾਰਟੀ ਦੀ ਇਸ ਬਦਨੀਤ ਨੂੰ ਪੂਰੀ ਤਰਾਂ ਸਮਝ ਚੁੱਕੇ ਹਨ ਕਿ ਉਹ ਪੰਜਾਬ ਸਰਕਾਰ ਰਾਹੀਂ ਕਿਸਾਨਾਂ ਤੋਂ ਮੁਫ਼ਤ ਵਿਚ ਜ਼ਮੀਨ ਲੈ ਕੇ ਬਹੁਕੌਮੀ ਕੰਪਨੀਆਂ, ਵੱਡੇ ਬਿਲਡਰਾਂ ਅਤੇ ਸਨਅਤਕਾਰਾਂ ਨੂੰ ਸੌਂਪਣਾ ਚਾਹੁੰਦੀ ਹੈ ਤਾਂ ਕਿ ਉਹਨਾਂ ਤੋਂ ਪਰਦੇ ਪਿੱਛੇ ਹਾਸਲ ਕੀਤੀਆਂ ਜਾਣ ਵਾਲੀਆਂ ਮੋਟੀਆਂ ਰਕਮਾਂ ਨਾਲ ਬਿਹਾਰ, ਗੁਜਰਾਤ ਅਤੇ ਪੰਜਾਬ ਦੀਆਂ ਚੋਣਾਂ ਲੜੀਆਂ ਜਾ ਸਕਣ। ਉਹਨਾਂ ਕਿਹਾ ਕਿ ਦਿੱਲੀ ਹੱਥ ਵਿਚੋਂ ਨਿਕਲ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਹੁਣ ਪੰਜਾਬ ਹੀ ਰਹਿ ਗਿਆ ਹੈ ਜਿਥੋਂ ਉਹ ਚੋਣਾਂ ਲਈ ਪੈਸਾ ਇਕੱਠਾ ਕਰਨ ਉਤੇ ਲੱਗੇ ਹੋਏ ਹਨ।