ਡੀ.ਐਨ.ਏ. ਟੈਸਟਿੰਗ, ਐਫ.ਆਈ.ਆਰਾਂ ਤੇ ਮਾਪਿਆਂ ਨੂੰ ਚੇਤਾਵਨੀ ਡਾ. ਬਲਜੀਤ ਕੌਰ ਨੇ ਦਿੱਤਾ ਸਖ਼ਤ ਸੁਨੇਹਾ
ਚੰਡੀਗੜ੍ਹ : ਭੀਖ ਮੰਗਣ ਵਾਲੇ ਬੱਚਿਆਂ ਦੀ ਜ਼ਿੰਦਗੀ ਨੂੰ ਸੜਕਾਂ ਤੋਂ ਸੁਰੱਖਿਅਤ, ਸਿੱਖਿਆ ਅਤੇ ਆਤਮ-ਨਿਰਭਰ ਜੀਵਨ ਵੱਲ ਲੈ ਜਾਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰੋਜੈਕਟ ਜੀਵਨਜੋਤ 2.0 ਮੁਹਿੰਮ ਅਜਿਹੇ ਨਤੀਜੇ ਦੇ ਰਹੀ ਹੈ ਜੋ ਸੂਬੇ ਵਿੱਚ ਹੋ ਰਹੇ ਸਮਾਜਿਕ ਬਦਲਾਅ ਨੂੰ ਦਰਸਾਉਂਦੇ ਹਨ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਕੀਤਾ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 245 ਵਿਸ਼ੇਸ਼ ਛਾਪਿਆਂ ਦੌਰਾਨ 214 ਭੀਖ ਮੰਗ ਰਹੇ ਬੱਚਿਆਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ 106 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਨਤੀਜੇ ਸੂਬਾ ਸਰਕਾਰ ਦੀ ਇਸ ਮੁਹਿੰਮ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਮੰਤਰੀ ਨੇ ਦੱਸਿਆ ਕਿ ਤਾਜ਼ਾ ਕਾਰਵਾਈ ਅੰਦਰ, ਸੂਬੇ ਦੇ 16 ਜ਼ਿਲ੍ਹਿਆਂ ਵਿੱਚ 16 ਵਿਸ਼ੇਸ਼ ਛਾਪੇ ਮਾਰੇ ਗਏ, ਜਿਸ ਦੌਰਾਨ ਸਿਰਫ਼ 2 ਬੱਚੇ ਹੀ ਭੀਖ ਮੰਗਦੇ ਮਿਲੇ – 1 ਬਰਨਾਲਾ ਅਤੇ 1 ਸੰਗਰੂਰ ਜ਼ਿਲ੍ਹੇ ਤੋਂ। ਦਸਤਾਵੇਜ਼ੀ ਜਾਂਚ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕੀਤਾ ਗਿਆ। ਇਹ ਦਰਸਾਉਂਦਾ ਹੈ ਕਿ ਮੁਹਿੰਮ ਮਕਸਦ ਵੱਲ ਸਫਲਤਾਪੂਰਕ ਅੱਗੇ ਵਧ ਰਹੀ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਭੀਖ ਮੰਗਣ ਤੋਂ ਬਚਾਏ ਗਏ ਕੁੱਲ 16 ਬੱਚਿਆਂ ਦੀ ਡੀ.ਐਨ.ਏ. ਟੈਸਟਿੰਗ ਲਈ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 15 ਬੱਚਿਆਂ ਲਈ ਦਸਤਾਵੇਜ਼ੀ ਕਾਰਵਾਈ ਪੂਰੀ ਹੋ ਗਈ ਹੈ ਅਤੇ 13 ਬੱਚਿਆਂ ਦੇ ਡੀ.ਐਨ.ਏ. ਟੈਸਟ ਲਈ ਸੈਂਪਲ ਲੈ ਲਏ ਗਏ ਹਨ। ਇਸ ਤੋਂ ਇਲਾਵਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ 1-1 ਅਤੇ ਬਠਿੰਡਾ ਦੇ 2 ਮਾਪਿਆਂ ਵਿਰੁੱਧ (ਕੁੱਲ 4) ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਸਿਰਫ ਕਾਰਵਾਈ ਨਹੀਂ, ਸੂਬੇ ਦੇ ਹਰ ਬੱਚੇ ਨੂੰ ਸੁਰੱਖਿਆ ਅਤੇ ਭਵਿੱਖ ਦੇਣ ਵੱਲ ਵਧਾਇਆ ਗਿਆ ਇੱਕ ਪੱਕਾ ਕਦਮ ਹੈ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਬੱਚੇ ਨੂੰ ਭੀਖ ਮੰਗਣ ਲਈ ਮਜਬੂਰ ਕੀਤਾ ਗਿਆ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਭੀਖ ਵਰਗੀ ਮਾੜੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਸਰਕਾਰ ਨਾਲ ਸਹਿਯੋਗ ਕਰਣ। ਉਨ੍ਹਾਂ ਆਖਿਆ, "ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕੋਈ ਵੀ ਬੱਚਾ ਭੀਖ ਮੰਗਣ ਲਈ ਮਜਬੂਰ ਨਾ ਹੋਵੇ – ਹਰ ਬੱਚਾ ਸੁਰੱਖਿਅਤ, ਪੜ੍ਹਿਆ-ਲਿਖਿਆ ਅਤੇ ਆਤਮ-ਨਿਰਭਰ ਬਣੇ, ਇਹੀ ਸਾਡਾ ਵਚਨ ਹੈ।" ਮੰਤਰੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਬੱਚੇ ਨੂੰ ਭੀਖ ਮੰਗਦਿਆਂ ਵੇਖਣ, ਤਾਂ ਤੁਰੰਤ ਚਾਈਲਡ ਹੈਲਪਲਾਈਨ ਨੰਬਰ 1098 'ਤੇ ਸੂਚਨਾ ਦੇਣ, ਤਾਂ ਜੋ ਉਹ ਬੱਚਾ ਸੁਰੱਖਿਅਤ ਜੀਵਨ ਵੱਲ ਵਾਪਸ ਲਿਆਇਆ ਜਾ ਸਕੇ।