ਸੁਨਾਮ : ਮੁਲਕ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦੇਸ਼ ਭਗਤਾਂ ਦੇ ਵਾਰਿਸਾਂ ਦੀ ਜਥੇਬੰਦੀ ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਸੰਸਥਾ ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਾਰਕੁਨਾਂ ਨੇ ਬੁੱਧਵਾਰ ਨੂੰ ਸੁਨਾਮ ਵਿਖੇ ਧਰਨਾ ਦੇਕੇ ਸਰਕਾਰਾਂ ਨੂੰ ਕੋਸਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸਰਪ੍ਰਸਤ ਹਰਿੰਦਰ ਸਿੰਘ ਖਾਲਸਾ, ਸੂਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ, ਜਨਰਲ ਸਕੱਤਰ ਰਵਿੰਦਰ ਸਿੰਘ ਅਤੇ ਖਜਾਨਚੀ ਬਲਵਿੰਦਰ ਸਿੰਘ ਛੰਨਾ ਨੇ ਆਖਿਆ ਕਿ ਮੁਲਕ ਨੂੰ ਆਜ਼ਾਦ ਹੋਇਆ 77 ਸਾਲ ਹੋ ਗਏ ਹਨ ਪ੍ਰੰਤੂ ਦੇਸ਼ ਨੂੰ ਅਜਾਦ ਕਰਵਾਉਣ ਵਾਲੇ ਫਰੀਡਮ ਫਾਈਟਰਾਂ ਦੀਆਂ ਹੱਕੀ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਜਿਸ ਤੋਂ ਫਰੀਡਮ ਫਾਈਟਰਜ਼ ਦੇ ਪ੍ਰੀਵਾਰ ਸਰਕਾਰ ਤੋਂ ਪੂਰੇ ਨਰਾਜ਼ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬਣੀਆਂ ਸਰਕਾਰਾਂ ਪਾਸੋਂ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਨੂੰ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਮਿਲਿਆ। ਬੁਲਾਰਿਆਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਵੀ ਆਪਣੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਵਿੱਚ ਮੁਲਕ ਲਈ ਲੜਣ ਵਾਲਿਆਂ ਦੇ ਪਰਿਵਾਰਾਂ ਨੂੰ ਕੁੱਝ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਫਰੀਡਮ ਫਾਈਟਰਾਂ ਦੇ ਵਾਰਿਸ ਪਰਿਵਾਰਾਂ ਨੂੰ ਬਿਜਲੀ ਬਿਲ ਬਿਨਾਂ ਸ਼ਰਤ ਮੁਆਫ ਕਰੇ। ਖੇਤੀਬਾੜੀ ਲਈ ਟਿਊਬਵੈੱਲ ਕੁਨੈਕਸ਼ਨ ਪੋਤਰੇ, ਪੋਤਰੀਆਂ,ਦੋਹਤੇ, ਦੋਹਤੀਆਂ ਨੂੰ ਪਹਿਲ ਦੇ ਅਧਾਰ ਤੇ ਦਿੱਤਾ ਜਾਵੇ। ਇਸ ਲਈ ਲਾਈਆਂ ਬੇਲੋੜੀਆਂ ਸ਼ਰਤਾਂ ਖਤਮ ਕੀਤੀਆਂ ਜਾਣ ਫਰੀਡਮ ਫਾਈਟਰਜ਼ ਦੇ ਵਾਰਿਸ ਨੂੰ ਨੌਕਰੀਆਂ ਵਿੱਚ ਕੋਟਾ ਪਹਿਲਾਂ ਦੀ ਤਰ੍ਹਾਂ 5 ਪ੍ਰਤੀਸ਼ਤ ਕੀਤਾ ਜਾਵੇ ਅਤੇ ਤਰੱਕੀਆਂ/ਬਦਲੀਆਂ ਵਿੱਚ ਵੀ ਦੂਜੀਆਂ ਕੈਟਾਗਿਰੀਆਂ ਮੁਤਾਬਿਕ ਕੋਟਾ ਦਿੱਤਾ ਜਾਵੇ। ਆਂਗਣਵਾੜੀ/ਵਰਕਰਾਂ/ਹੈਲਪਰਾਂ/ਸੁਪਰਵਾਈਜਰਾਂ ਵਿੱਚ ਵੀ ਕੋਟਾ ਯਕੀਨੀ ਬਣਾਇਆ ਜਾਵੇ। ਨੌਕਰੀਆਂ ਲਈ ਉਮਰ ਵਿੱਚ ਛੋਟ ਦਿੱਤੀ ਜਾਵੇ, ਸਾਰੇ ਮਹਿਕਮਿਆਂ ਵਿੱਚੋਂ ਬੈਕਲਾਗ ਦੀਆਂ ਅਸਾਮੀਆਂ ਪੂਰੀਆ ਕੀਤੀਆਂ ਜਾਣ। ਉਨ੍ਹਾਂ ਆਖਿਆ ਕਿ ਫਰੀਡਮ ਫਾਈਟਰਾਂ ਦੀ ਚੌਥੀ ਪੀੜੀ ਨੂੰ ਵਾਰਿਸਾਂ ਵਜੋਂ ਮਿਲਣ ਵਾਲੀਆਂ ਸਹੂਲਤਾਂ ਵਿੱਚ ਲਾਈਆਂ ਸ਼ਰਤਾਂ ਖਤਮ ਕੀਤੀਆਂ ਜਾਣ। ਬੁਲਾਰਿਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸੂਬੇ ਦੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਪਾਸੋਂ ਜਵਾਬ ਮੰਗੇ ਜਾਣਗੇ।