ਸੁਨਾਮ : ਆਦਰਸ਼ ਸਕੂਲ ਟੀਚਿੰਗ ਅਤੇ ਨਾਨ ਟੀਚਿੰਗ ਮੁਲਾਜਮ ਯੂਨੀਅਨ ਨੇ ਸ਼ਹੀਦ ਊਧਮ ਸਿੰਘ ਦੇ ਸ਼ਰਧਾਜਲੀ ਸਮਾਗਮ 'ਚ ਸ਼ਮੂਲੀਅਤ ਕਰ ਰਹੀ ਪੰਜਾਬ ਦੀ ਸਮੁੱਚੀ ਕੈਬਨਿਟ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਮੀਡੀਆ ਇੰਚਾਰਜ ਗੁਰਜਿੰਦਰ ਰਾਮ ਨੇ ਦੱਸਿਆ ਕਿ ਆਦਰਸ਼ ਸਕੂਲਾਂ ਚ ਮੁਲਾਜਮ ਪਿਛਲੇ 13 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਡਿਊਟੀ ਨਿਭਾਅ ਰਹੇ ਹਨ ਜਦੋਂ ਕਿ ਅੱਤ ਦੀ ਮਹਿੰਗਾਈ 'ਚ ਇਨ੍ਹਾਂ ਨਿਗੂਣੀਆਂ ਤਨਖਾਹਾਂ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ ਜਿਸ ਕਰਕੇ ਸਕੂਲਾਂ 'ਚ ਪੜਾ ਰਹੇ ਅਧਿਆਪਕਾਂ ਅਤੇ ਨਾਨ ਟੀਚਿੰਗ ਅਮਲੇ ਨੂੰ ਮਜਬੂਰਨ ਨਾਲ ਹੋਰ ਵਾਧੂ ਕੰਮ ਕਰਨੇ ਪੈ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਯੂਨੀਅਨ ਨੂੰ ਹਰ ਵਾਰ ਮੀਟਿੰਗ ਦਾ ਲੋਲੀਪੋਪ ਦੇਕੇ ਬਾਅਦ ਚ ਮੀਟਿੰਗ ਤੋਂ ਮੁਕਰ ਜਾਂਦੇ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਜਨਰਲ ਸਕੱਤਰ ਸੁਖਦੀਪ ਕੌਰ ਸਰਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਅਮਰਜੋਤ ਜੋਸ਼ੀ, ਸਹਾਇਕ ਸਕੱਤਰ ਸਲੀਮ ਮੁਹੰਮਦ ਅਤੇ ਮੀਤ ਪ੍ਰਧਾਨ ਮੀਨੂੰ ਬਾਲਾ, ਸੂਬਾ ਸੀਨੀਅਰ ਸਲਾਹਕਾਰ ਓਮਾ ਮਾਧਵੀ ਅਤੇ ਮੁੱਖ ਸਲਾਹਕਾਰ ਅੰਮ੍ਰਿਤਪਾਲ ਸਿੰਘ ਨੇ ਸਮੁੱਚੀ ਯੂਨੀਅਨ ਦੀ ਤਰਫੋ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਉਹ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਮਨਵਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ ਕਿਉਕਿ ਸ਼ਹੀਦ ਸਾਨੂੰ ਸਮਝਾਕੇ ਗਏ ਹਨ ਕਿ ਹੱਕ ਕਦੇ ਵੀ ਮੰਗੇ ਤੋਂ ਨਹੀਂ ਮਿਲਦੇ ਹੱਕ ਤਾਂ ਖੋਹਣੇ ਪੈਂਦੇ ਹਨ। ਉਨ੍ਹਾਂ ਆਖਿਆ ਕਿ ਹੱਕ ਲੈਣ ਲਈ ਸਾਨੂੰ ਜੋ ਵੀ ਕੁਰਬਾਨੀ ਦੇਣੀ ਪਈ ਅਸੀਂ ਦੇਣ ਲਈ ਤਿਆਰ ਹਾਂ ਕਿਉਕਿ ਹਰ ਰੋਜ ਮਰਨ ਨਾਲੋਂ ਇੱਕ ਦਿਨ ਹੀ ਮਰਿਆ ਚੰਗਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋ ਆਪ ਪਾਰਟੀ ਨੇ ਪੰਜਾਬ ਚ ਸੱਤਾ ਸੰਭਾਲੀ ਹੈ ਯੂਨੀਅਨ ਉਦੋਂ ਤੋਂ ਹੀ ਪੂਰੀ ਸਰਗਰਮੀ ਨਾਲ ਸਰਕਾਰ ਪਾਸੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਜਦੋਂ-ਜਹਿਦ ਕਰ ਰਹੀ ਹੈ ਲੇਕਿਨ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਦੱਸਿਆ ਕਿ ਆਦਰਸ਼ ਸਕੂਲਾਂ ਨੂੰ ਚਲਾ ਰਹੇ ਬੋਰਡ (ਪੰਜਾਬ ਸਿੱਖਿਆ ਵਿਕਾਸ ਬੋਰਡ) ਦੇ ਚੇਅਰਮੈਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਹਨ ਪਰ ਅਫਸੋਸ ਓਨਾ ਨੇ ਯੂਨੀਅਨ ਨਾਲ ਇਕ ਵੀ ਮੀਟਿੰਗ ਕਰਨੀ ਮੁਨਾਸਿਬ ਨਹੀਂ ਸਮਝੀ ਜਿਸ ਕਰਕੇ ਮਜਬੂਰਨ ਯੂਨੀਅਨ ਨੂੰ 31 ਜੁਲਾਈ ਨੂੰ ਸੁਨਾਮ ਵਿਖੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਉਦਮ ਉਪਰਾਲਾ ਕੀਤਾ ਗਿਆ ਹੈ ਤਾਂ ਜੋਂ ਜਨਤਾ ਇਸ ਸਰਕਾਰ ਦੀਆਂ ਨਾਕਾਮੀਆਂ ਤੋਂ ਜਾਣੂੰ ਹੋ ਸਕੇ। ਇਸ ਮੌਕੇ ਸੂਬਾ ਵਿਤ ਸਕੱਤਰ ਭੁਪਿੰਦਰ ਕੌਰ ਗੰਢੂਆਂ, ਸਰਬਜੀਤ ਕੌਰ ਖੋਖਰ, ਅਮਨ ਸਾਸ਼ਤਰੀ ਸੁਨਾਮ, ਜਗਸੀਰ ਸਿੰਘ ਅੜਕਵਾਸ, ਨੀਰੂ ਬਾਲਾ ਲਹਿਰਾ, ਮਨਪ੍ਰੀਤ ਸਿੰਘ ਗੰਢੂਆਂ, ਦਵਿੰਦਰ ਸਿੰਘ, ਜਗਤਾਰ ਸਿੰਘ ਗੰਢੂਆਂ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।