ਮਾਤਰ 90 ਗਜ਼ ਦੇ ਘਰ ਵਿੱਚ ਤਿੰਨ ਪਰਿਵਾਰ ਕਰ ਰਹੇ ਹਨ ਜੀਵਨ ਬਸਰ
ਸੁਨਾਮ : ਅਜ਼ਾਦ ਭਾਰਤ ਅੰਦਰ ਹਰ ਨਾਗਰਿਕ ਲਈ ਕੁੱਲੀ, ਗੁੱਲੀ ਅਤੇ ਜੁੱਲੀ (ਘਰ, ਰੁਜ਼ਗਾਰ ਅਤੇ ਰੋਟੀ) ਮਿਲ਼ਣ ਦੇ ਸੁਪਨੇ ਸੰਜੋਕੇ ਫਾਂਸੀ ਦੇ ਰੱਸੇ ਚੁੰਮਣ ਵਾਲੇ ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸੁਨਾਮ ਦੇ ਜੰਮਪਲ ਸ਼ਹੀਦ ਊਧਮ ਸਿੰਘ ਦੇ ਵਾਰਿਸ ਕੁੱਝ ਇੱਕ ਪਰਿਵਾਰ ਅੱਜ ਖੁਦ ਰੁਜ਼ਗਾਰ ਨੂੰ ਤਰਸ ਰਹੇ ਹਨ। ਰੁਜ਼ਗਾਰ ਤੋਂ ਸੱਖਣਾ ਪਰਿਵਾਰ ਮਾਤਰ 90 ਗਜ਼ ਦੇ ਘਰ ਵਿੱਚ ਤਿੰਨ ਪਰਿਵਾਰ ਜੀਵਨ ਬਸਰ ਕਰਨ ਲਈ ਮਜ਼ਬੂਰ ਹੈ। ਅਜਿਹੇ ਹਾਲਾਤ ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਫਰੰਗੀਆਂ ਤੋਂ ਬਦਲਾ ਲੈਣ ਵਾਲੇ ਆਜ਼ਾਦੀ ਘੁਲਾਟੀਏ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੀ ਭੈਣ ਆਸ ਕੌਰ ਦੇ ਪੋਤਰੇ ਜੀਤ ਸਿੰਘ ਦੇ ਪਰਿਵਾਰ ਦੇ ਬਣੇ ਹੋਏ ਹਨ। ਜਿਹੜਾ ਤਤਕਾਲੀ ਮੁੱਖ ਮੰਤਰੀ ਮਰਹੂਮ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਸਮੇਂ ਸ਼ਹੀਦ ਊਧਮ ਸਿੰਘ ਦੇ ਵਾਰਿਸ ਪਰਿਵਾਰਾਂ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੇ ਕੀਤੇ ਐਲਾਨ ਦੇ ਬਾਵਜੂਦ ਪਿਛਲੇ 19 ਸਾਲ ਤੋਂ ਵੱਖ ਵੱਖ ਸਰਕਾਰਾਂ ਦੇ ਦਰਾਂ ਦੀ ਖ਼ਾਕ ਛਾਣ ਰਿਹਾ ਹੈ। ਸਾਲ 2002-07 ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਨੌਕਰੀ ਦੇਣ ਦਾ ਪੱਤਰ ਲੈਕੇ ਪਰਿਵਾਰ ਦਾ ਮੁਖੀ ਜੀਤ ਸਿੰਘ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਇਲਾਵਾ ਚੰਡੀਗੜ੍ਹ ਦੇ ਗੇੜਿਆਂ ਤੋਂ ਅੱਕਕੇ ਹੱਡ ਚੀਰਵੀਂ ਠੰਢ ਵਿੱਚ ਦਿੱਲੀ ਦੇ ਜੰਤਰ ਮੰਤਰ ਤੇ ਕ਼ਰੀਬ ਇੱਕ ਹਫ਼ਤਾ ਧਰਨਾ ਦੇ ਚੁੱਕਾ ਹੈ ਲੇਕਿਨ ਕਿਤੋਂ ਖੈਰ ਨਹੀਂ ਪਈ। ਮਾਤਾ ਆਸ ਕੌਰ ਦੇ ਪੋਤਰੇ ਜੀਤ ਸਿੰਘ ਮੁਤਾਬਿਕ ਉਸ ਦੇ ਦੋਵੇਂ ਪੁੱਤਰ ਜੱਗਾ ਸਿੰਘ ਅਤੇ ਬਲਵੀਰ ਸਿੰਘ ਦੋਵੇਂ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਹੇ ਹਨ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਮੇਰੇ ਲੜਕੇ ਜੱਗਾ ਸਿੰਘ ਨੂੰ ਸਰਕਾਰੀ ਨੌਕਰੀ ਦੇਣ ਦਾ ਬਕਾਇਦਾ ਪੱਤਰ ਜਾਰੀ ਕੀਤਾ ਗਿਆ ਸੀ ਲੇਕਿਨ 19 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ ਸਗੋਂ ਲਾਰੇ ਹੀ ਪੱਲੇ ਪਏ ਹਨ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਸੂਬੇ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦੇਸ਼ ਭਗਤਾਂ ਦੇ ਪਰਿਵਾਰ ਦੀ ਅਰਜ਼ੋਈ ਜ਼ਰੂਰ ਸੁਣਨਗੇ।
ਸ਼ਹੀਦ ਊਧਮ ਸਿੰਘ ਦੀ ਭੈਣ ਆਸ ਕੌਰ ਦੇ ਪੋਤਰੇ ਜੀਤ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਬਚਨ ਸਿੰਘ ਦੀ ਅਨਪੜ੍ਹਤਾ ਦਾ ਫਾਇਦਾ ਉਠਾਕੇ ਸ਼ਹੀਦ ਨਾਲ ਦੂਰ ਦਾ ਵੀ ਵਾਸਤਾ ਨਾ ਰੱਖਣ ਵਾਲੇ ਕੁੱਝ ਇੱਕ ਵਿਅਕਤੀ ਸਰਕਾਰੀ ਨੌਕਰੀਆਂ ਲੈ ਗਏ ਹਨ, ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਦੱਸਿਆ ਕਿ ਮੇਰੇ ਪਰਿਵਾਰ ਨੂੰ ਹੱਕਾਂ ਤੋਂ ਵਾਂਝਾ ਰੱਖਣ ਵਾਲੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸਿਰਫ਼ ਇੱਕ ਲੋਈ ਅਤੇ ਮੋਮੈਂਟੋ ਦੇਕੇ ਸਨਮਾਨਿਤ ਕਰਨ ਤੱਕ ਸੀਮਤ ਰਹਿ ਗਈਆਂ ਹਨ। ਸ਼ਹੀਦ ਊਧਮ ਸਿੰਘ ਦੀ ਭੈਣ ਆਸ ਕੌਰ ਦੇ ਪੋਤਰੇ ਜੀਤ ਸਿੰਘ ਦੇ ਪੁੱਤਰ ਜੱਗਾ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਨੌਕਰੀ ਦੇਣ ਦਾ ਜਾਰੀ ਪੱਤਰ ਦਿਖਾਉਂਦੇ ਹੋਏ ਦੱਸਿਆ ਕਿ ਸਾਲ 2006 ਵਿੱਚ ਮੇਰੇ ਦਾਦਾ ਬਚਨ ਸਿੰਘ ਨੇ ਬਕਾਇਦਾ ਹਲਫ਼ੀਆ ਬਿਆਨ ਦੇਕੇ ਸਪਸ਼ਟ ਕਰ ਦਿੱਤਾ ਸੀ ਕਿ ਸ਼ਹੀਦ ਊਧਮ ਸਿੰਘ ਦੇ ਵਾਰਿਸ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੇ ਕੀਤੇ ਐਲਾਨ ਮੁਤਾਬਿਕ ਮੇਰੇ ਪੋਤਰੇ ਜੱਗਾ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਜੱਗਾ ਸਿੰਘ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੀ ਸਰਕਾਰਾਂ ਸ਼ਹੀਦਾਂ ਦੇ ਵਾਰਿਸ ਪਰਿਵਾਰਾਂ ਨਾਲ ਅਜਿਹਾ ਵਰਤਾਓ ਕਰਦੀਆਂ ਰਹਿਣਗੀਆਂ ? ਕੀ ਮਹਾਨ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ, ਭਗਤ ਸਿੰਘ ਅਤੇ ਰਾਜਗੁਰੂ ਸੁਖਦੇਵ ਨੇ ਅਜਿਹੇ ਸੁਪਨੇ ਸੰਜੋਏ ਸਨ ਕਿ ਸ਼ਹੀਦਾਂ ਦੇ ਵਾਰਿਸ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੇ ਸਰਕਾਰੀ ਵਾਅਦਿਆਂ ਤੋਂ ਸੱਖਣਾ ਰੱਖਿਆ ਜਾਵੇਗਾ।