ਵਿਦਿਆਰਥੀ ਦੇ ਜੀਵਨ 'ਚ ਕਰੀਅਰ ਕਾਉਂਸਲਰ ਨਿਭਾਅ ਸਕਦੇ ਨੇ ਅਹਿਮ ਭੂਮਿਕਾ : ਡਿਪਟੀ ਕਮਿਸ਼ਨਰ
ਰੋਜ਼ਗਾਰ ਬਿਊਰੋ ਨੇ ਚੌਥੀ ਕਾਉਂਸਲਿੰਗ ਆਫ਼ ਕਾਉਂਸਲਰਜ ਮੀਟ ਕਰਵਾਈ
ਪਟਿਆਲਾ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਪੈਦਾ ਹੋ ਰਹੇ ਨਵੇਂ ਮੌਕਿਆਂ ਤੋਂ ਜਾਗਰੂਕ ਕਰਨ ਲਈ ਸਕੂਲਾਂ ਦੇ ਕਰੀਅਰ ਕਾਊਂਸਲਰ ਅਧਿਆਪਕ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਸਕੂਲਾਂ ਦੇ 250 ਕਰੀਅਰ ਕਾਉਂਸਲਰ (ਮਾਰਗ ਦਰਸ਼ਕ) ਅਧਿਆਪਕਾਂ ਦੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕਰਵਾਈ ਚੌਥੀ ਕਾਉਂਸਲਿੰਗ ਆਫ਼ ਕਾਉਂਸਲਰਜ਼ ਮੀਟ ਮੌਕੇ ਕੀਤਾ।
ਡਾ. ਪ੍ਰੀਤੀ ਯਾਦਵ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਰੋਜ਼ਾਨਾ ਨਵੀਂ ਖੋਜਾਂ ਹੋ ਰਹੀਆਂ ਤੇ ਰੋਜ਼ਗਾਰ ਦੇ ਨਵੇਂ ਤੋਂ ਨਵੇਂ ਮੌਕੇ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾ ਕੇ ਰੱਖਿਆ ਜਾਵੇ ਤੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਹੋ ਰਹੀਆਂ ਨਵੀਂ ਤਬਦੀਲੀ ਸਬੰਧੀ ਜਾਗਰੂਕ ਕੀਤਾ ਜਾਵੇ ਤੇ ਵਿਦਿਆਰਥੀਆਂ ਦਾ ਸਹੀ ਮਾਰਗ ਦਰਸ਼ਨ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਸਕਦੇ ਹਨ।
ਅੱਜ ਦੀ ਇਸ ਕਾਉਂਸਲਰ ਮੀਟ 'ਚ ਵੱਖ ਵੱਖ ਕਿੱਤਾ ਮਾਹਿਰਾਂ ਨੇ ਆਪਣੇ ਵਿਚਾਰ ਕਾਉਂਸਲਰਾਂ ਨਾਲ ਸਾਂਝੇ ਕੀਤੇ।ਇਸ ਲੜੀ ਵਿਚ ਡਾ. ਦਮਨਜੀਤ ਸੰਧੂ ਨੇ ਚਾਈਲਡ ਸਾਈਕਾਲੋਜੀ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ, ਡਾ. ਕੋਮਲ ਰੰਧਾਵਾ ਨੇ ਐਮ.ਬੀ.ਏ ਅਤੇ ਕਾਮਰਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ, ਸੀ-ਪਾਈਟ ਟਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਨੇਵੀ, ਏਅਰ ਫੋਰਸ ਅਤੇ ਪੰਜਾਬ ਪੁਲਿਸ ਵਿਚ ਨੌਜਵਾਨਾਂ ਦੀ ਭਰਤੀ ਲਈ ਸਰੀਰਕ ਮਾਪਦੰਡਾਂ ਬਾਰੇ ਜਾਣਕਾਰੀ ਦਿੱਤੀ।
ਕਰੀਅਰ ਕਾਉਂਸਲਰ ਮਾਨਿਕ ਰਾਜ ਸਿੰਗਲਾ ਨੇ ਬੈਂਕਿੰਗ, ਫਾਈਨਾਂਸ ਅਤੇ ਇੰਸ਼ੋਰੈਂਸ ਬਾਰੇ ਤੇ ਡਾ. ਅੰਜੂ ਬਾਲਾ ਨੇ ਕੰਪਿਊਟਰ ਅਤੇ ਏ.ਆਈ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਡਿਪਟੀ ਡਾਇਰੈਕਟਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਡਿਪਟੀ ਕਮਿਸ਼ਨਰ, ਕਿੱਤਾ ਮਾਹਿਰਾਂ ਤੇ ਕਾਉਂਸਲਰਾਂ ਦਾ ਧੰਨਵਾਦ ਕੀਤਾ।