ਸੁਨਾਮ : ਸ਼ਹਿਰ ਦੇ ਨਾਮਵਰ ਲੇਖਕ ਮਰਹੂਮ ਜਗਨ ਨਾਥ ਸੰਧੇ ਵੱਲੋਂ ਲਿਖੀ ਅਤੇ ਸੰਗਰਾਮੀ ਕਲਾਕਾਰ ਕੇਂਦਰ ਦੇ ਪ੍ਰਧਾਨ ਜੰਗੀਰ ਸਿੰਘ ਰਤਨ ਵੱਲੋਂ ਸੰਪਾਦਿਤ ਕੀਤੀ ਕਿਤਾਬ "ਅਮਰ ਸ਼ਹੀਦ ਸਰਦਾਰ ਊਧਮ ਸਿੰਘ" ਸ਼ਹੀਦ ਊਧਮ ਸਿੰਘ ਸਕੂਲ ਆਫ਼ ਐਮੀਨੈਂਸ ਸੁਨਾਮ ਵਿਖੇ ਆਯੋਜਿਤ ਕੀਤੇ ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਭੀਮ ਇੰਦਰ ਸਿੰਘ, ਡਾਇਰੈਕਟਰ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲੋਕ ਅਰਪਣ ਕੀਤੀ ਗਈ। ਸਕੂਲ ਦੇ ਵਾਈਸ ਪ੍ਰਿੰਸੀਪਲ ਗੁਰਵਿੰਦਰ ਸਿੰਘ ਧਾਲੀਵਾਲ, ਗੁਰਸਿਮਰਤ ਸਿੰਘ ਜਖੇਪਲ, ਸੰਜੀਵ ਕੁਮਾਰ, ਕਮਲਜੀਤ ਸਿੰਘ ਵਿੱਕੀ ਚੇਅਰਮੈਨ ਬਾਬਾ ਫ਼ਰੀਦ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਲੌਂਗੋਵਾਲ, ਹਰਜਸ ਸਿੰਘ ਪ੍ਰਧਾਨ ਅੰਬੇਦਕਰ ਸਭਾ ਸੁਨਾਮ, ਬਲਵੰਤ ਸਿੰਘ, ਬਲਵਿੰਦਰ ਸਿੰਘ ਜ਼ਿਲੇਦਾਰ ਉਚੇਚੇ ਤੌਰ ਤੇ ਸ਼ਾਮਿਲ ਹੋਏ। ਮੁੱਖ ਮਹਿਮਾਨ ਡਾਕਟਰ ਭੀਮ ਇੰਦਰ ਸਿੰਘ ਵੱਲੋਂ ਲੋਕ ਅਰਪਣ ਹੋਈ ਕਿਤਾਬ "ਅਮਰ ਸ਼ਹੀਦ ਸਰਦਾਰ ਊਧਮ ਸਿੰਘ" ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੁਨਾਮ ਦੇ ਬਹੁਤ ਹੀ ਵਿਦਵਾਨ ਲੇਖਕ ਸਵਰਗੀ ਜਗਨ ਨਾਥ ਸੰਧੇ ਨੇ ਇਸ ਕਿਤਾਬ ਵਿੱਚ ਸ਼ਹੀਦ ਊਧਮ ਸਿੰਘ ਜੀ ਦੇ ਜਨਮ, ਬਚਪਨ, ਜਵਾਨੀ, ਸਾਕਾ ਜਲਿਆਂਵਾਲਾ ਬਾਗ਼, ਭਾਰਤ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ਅਤੇ ਉਹਨਾਂ ਦੀ ਮਹਾਨ ਸ਼ਹਾਦਤ ਬਾਰੇ ਤੱਥਾਂ ਸਹਿਤ ਬੜੀ ਸਟੀਕ ਜਾਣਕਾਰੀ ਸ਼ਾਮਿਲ ਕੀਤੀ ਹੈ, ਜਿਸ ਨੂੰ ਪੜ੍ਹਕੇ ਪਾਠਕ ਭਰਵਾਂ ਲਾਹਾ ਪ੍ਰਾਪਤ ਕਰਨਗੇ। ਮਾਸਟਰ ਗੁਰਸਿਮਰਤ ਸਿੰਘ ਜਖੇਪਲ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਬਾਰੇ ਬੜੇ ਵਿਸਥਾਰ ਨਾਲ ਚਾਨਣਾ ਪਾਇਆ। ਕਮਲਜੀਤ ਸਿੰਘ ਵਿੱਕੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਪੁਸਤਕ ਦੇ ਸੰਪਾਦਕ ਗਿਆਨੀ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਆਫ਼ ਕੈਨੇਡਾ ਦੇ ਡਾਇਰੈਕਟਰ ਲਖਵੀਰ ਸਿੰਘ ਰਤਨਪਾਲ ਅਤੇ ਦਲੇਰ ਸਿੰਘ ਚੰਦੀ ਵੱਲੋਂ ਇਸ ਕਿਤਾਬ ਨੂੰ ਛਪਵਾਉਣ ਲਈ ਕੀਤਾ ਗਿਆ ਇਹ ਇਤਹਾਸਕ ਕਾਰਜ ਬਹੁਤ ਹੀ ਸ਼ਲਾਘਾ ਯੋਗ ਹੈ। ਇਸ ਮੌਕੇ ਗਿਆਨੀ ਜੰਗੀਰ ਸਿੰਘ ਰਤਨ ਅਤੇ ਭੋਲਾ ਸਿੰਘ ਸੰਗਰਾਮੀ ਵੱਲੋਂ ਸਕੂਲ ਲਾਇਬਰੇਰੀ ਲਈ ਇੱਕ ਦਰਜਨ ਪੁਸਤਕਾਂ ਭੇਟ ਕੀਤੀਆਂ। ਸੰਗਰਾਮੀ ਕਲਾ ਕੇਂਦਰ ਵੱਲੋਂ ਮੁੱਖ ਮਹਿਮਾਨ ਡਾਕਟਰ ਭੀਮ ਇੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ। ਚਮਕੌਰ ਸਿੰਘ ਮਾਡਲ ਟਾਊਨ ਸ਼ੇਰੋ ਅਤੇ ਰਾਜਿੰਦਰ ਸ਼ਰਮਾ ਮੂਨਕ ਵੱਲੋਂ ਪੁਸਤਕਾਂ ਦਾ ਸਟਾਲ ਵੀ ਲਗਾਇਆ ਗਿਆ। ਇਸ ਮੌਕੇ ਸਕੂਲ ਵਿਦਿਆਰਥੀਆਂ ਤੋਂ ਇਲਾਵਾ ਅਸ਼ਵਨੀ ਕੁਮਾਰ, ਧੀਰਜ ਕੁਮਾਰ, ਸਤਨਾਮ ਸਿੰਘ, ਪਰਮਿੰਦਰ ਸਿੰਘ, ਰਾਜੇਸ਼ ਕੁਮਾਰ, ਅਰੁਣ ਸ਼ਰਮਾ, ਵੰਦਨਾ ਗੁਪਤਾ, ਸੀਮਾ ਰਾਣੀ, ਵਿੰਮੀ ਗਰਗ, ਪਰਮਜੀਤ ਸੰਗਰਾਮੀ ਅਤੇ ਹਨੀ ਸੰਗਰਾਮੀ ਹਾਜ਼ਰ ਸਨ।