ਕਿਹਾ ਆਪ ਸਰਕਾਰ ਕਰ ਰਹੀ ਹੈ ਹੋਛੀ ਰਾਜਨੀਤੀ
ਸੁਨਾਮ : ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਭਵਾਨੀਗੜ੍ਹ -ਸੁਨਾਮ-ਭੀਖੀ- ਕੋਟਸ਼ਮੀਰ ਸੜਕ ਦਾ ਨਾਮ ਮਹਾਰਾਜਾ ਅਗਰਸੈਨ ਮਾਰਗ ਤੋਂ ਬਦਲਕੇ ਸ਼ਹੀਦ ਊਧਮ ਸਿੰਘ ਮਾਰਗ ਰੱਖਣ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਸਪਸ਼ਟੀਕਰਨ ਮੰਗਿਆ ਹੈ। ਉਨ੍ਹਾਂ ਆਖਿਆ ਕਿ ਯੁੱਗ ਪਰਿਵਰਤਕ ਮਹਾਰਾਜਾ ਅਗਰਸੈਨ ਵਰਗੇ ਮਹਾਂਪੁਰਸ਼ਾਂ ਦੇ ਨਾਮ ਨੂੰ ਮਿਟਾਉਣਾ ਸੂਬੇ ਦੀ ਸਰਕਾਰ ਲਈ ਠੀਕ ਨਹੀਂ ਹੈ, ਆਮ ਆਦਮੀ ਪਾਰਟੀ ਵੱਲੋਂ ਇੱਕ ਸਮਾਜ ਨੂੰ ਖੁਸ਼ ਕਰਨ ਲਈ ਅਜਿਹਾ ਕਰਕੇ ਹੋਛੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਕ੍ਰਾਂਤੀਕਾਰੀ ਯੋਧਿਆਂ ਦੀ ਸ਼ਹਾਦਤ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਆਖਿਆ ਕਿ ਸਾਲ 2021 ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਯਤਨਾਂ ਸਦਕਾ ਪਟਿਆਲਾ ਤੋਂ ਭਵਾਨੀਗੜ੍ਹ, ਸੁਨਾਮ, ਭੀਖੀ, ਬੁਢਲਾਡਾ, ਬੋਹਾ ਹਰਿਆਣਾ ਬਾਰਡਰ ਤੱਕ ਸੜਕ ਦਾ ਨਾਮ ਮਹਾਰਾਜਾ ਅਗਰਸੈਨ ਮਾਰਗ ਰੱਖਿਆ ਗਿਆ ਸੀ ਲੇਕਿਨ ਹੁਣ ਸੂਬੇ ਦੀ ਸਰਕਾਰ ਨੇ ਭਵਾਨੀਗੜ੍ਹ -ਸੁਨਾਮ-ਭੀਖੀ-ਕੋਟਸ਼ਮੀਰ ਸੜਕ ਦਾ ਨਾਮ ਸ਼ਹੀਦ ਊਧਮ ਸਿੰਘ ਮਾਰਗ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਕ੍ਰਾਂਤੀਕਾਰੀ ਸੂਰਬੀਰਾਂ ਦੇ ਨਾਮ ਤੇ ਸੜਕਾਂ ਦੇ ਨਾਂਅ ਰੱਖਣ ਤੇ ਕੋਈ ਇਤਰਾਜ਼ ਨਹੀਂ, ਲੇਕਿਨ ਕਿਸੇ ਮਹਾਪੁਰਸ਼ ਦੇ ਨਾਮ ਤੇ ਬਣੇ ਮਾਰਗ ਨਹੀਂ ਬਦਲਣੇ ਚਾਹੀਦੇ। ਸਰਕਾਰ ਪਿਛਲੇ ਨਾਮ ਨਾ ਮਿਟਾਕੇ ਨਵਾਂ ਕਰਨ ਨੂੰ ਯਕੀਨੀ ਬਣਾਵੇ। ਉਨ੍ਹਾਂ ਆਖਿਆ ਕਿ ਜੇਕਰ ਕੈਬਨਿਟ ਮੰਤਰੀ ਅਮਨ ਅਰੋੜਾ ਸੱਚਮੁੱਚ ਹੀ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਸਪੂਤਾਂ ਨੂੰ ਸਨਮਾਨ ਦੇਣਾ ਚਾਹੁੰਦੇ ਹਨ ਤਾਂ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਸੁਨਾਮ ਇਲਾਕੇ ਅੰਦਰ ਕੋਈ ਮੈਡੀਕਲ ਕਾਲਜ ਜਾਂ ਯੂਨੀਵਰਸਿਟੀ ਲਿਆਉਣ। ਉਨ੍ਹਾਂ ਆਖਿਆ ਕਿ ਸ਼ਹੀਦ ਊਧਮ ਸਿੰਘ ਵਰਗੇ ਕ੍ਰਾਂਤੀਕਾਰੀ ਯੋਧਿਆਂ ਦੀ ਸ਼ਹਾਦਤ ਤੇ ਸੁਨਾਮ ਵਾਸੀ ਬੇਹੱਦ ਫ਼ਖ਼ਰ ਮਹਿਸੂਸ ਕਰਦੇ ਹਨ ਜਿਨ੍ਹਾਂ ਨੇ ਗੋਰਿਆਂ ਦੀ ਧਰਤੀ ਤੇ ਜਾਕੇ 21 ਸਾਲ ਬਾਅਦ ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲਿਆ ਸੀ।