Monday, June 16, 2025

National

ਭਾਜਪਾ ਦੇ ਦਫ਼ਤਰ ਨੇੜੇ ਮਿਲੇ ਵੱਡੀ ਗਿਣਤੀ ਵਿਚ ਬੰਬ

June 06, 2021 10:05 AM
SehajTimes

ਕੋਲਕਾਤਾ : ਭਾਜਪਾ ਅਤੇ ਕਾਂਗਰਸ ਦੀ ਇਸ ਕਦਰ ਖੜਕ ਚੁੱਕੀ ਹੈ ਕਿ ਇਹ ਇਕ ਦੂਜੇ ਉਤੇ ਦੋਸ਼ ਮੜਨ ਦਾ ਕੰਮ ਜਾਰੀ ਰਖਦੇ ਹਨ। ਹੁਣ ਲੱਗਦਾ ਹੈ ਕਿ ਇਸੇ ਕੜੀ ਵਿਚ ਇਕ ਹੋਰ ਵਾਰਦਾਤ ਹੋਣ ਜਾ ਰਹੀ ਹੈ। ਦਰਅਸਲ ਕੋਲਕਾਤਾ ਦੇ ਹੇਸਟਿੰਗ ਕ੍ਰਾਸਿੰਗ ਇਲਾਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੇੜਿਓਂ 51 ਦੇਸੀ ਬੰਬ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸੀ ਬੰਬ ਇੱਕ ਬੋਰੀ ਵਿੱਚ ਬੰਦ ਸਨ। ਪੁਲਿਸ ਨੂੰ ਜਦੋਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮਾਮੂਲੀ ਜਾਂਚ ਮਗਰੋਂ ਬੰਬਰੋਧਕ ਦਸਤੇ ਨੂੰ ਸੂਚਤ ਕਰ ਦਿਤਾ ਸੀ ਅਤੇ ਹੁਣ ਬੰਬਾਂ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਦੇਸੀ ਬੰਬ ਹੇਸਟਿੰਗ ਕ੍ਰਾਸਿੰਗ ਇਲਾਕੇ ਵਿੱਚ ਸਥਿਤ ਭਾਜਪਾ ਦੇ ਦਫ਼ਤਰ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਇੱਕ ਬੋਰੀ ਵਿੱਚੋਂ ਮਿਲੇ ਹਨ। ਇਨ੍ਹਾਂ ਨੂੰ ਕੌਣ ਅਤੇ ਕਿਸ ਮਕਸਦ ਨਾਲ ਰੱਖ ਕੇ ਗਿਆ, ਇਸ ਬਾਰੇ ਹਾਲੇ ਸਥਿਤੀ ਸਾਫ ਨਹੀਂ ਹੈ। ਕੋਲਕਾਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਬ ਕਿਸ ਕਿਸਮ ਦੇ ਹਨ। ਜ਼ਿਕਰਯੋਗ ਹੈ ਕਿ ਹੇਸਟਿੰਗ ਇਲਾਕੇ ਦੇ ਨੇੜੇ-ਤੇੜੇ ਫ਼ੌਜ ਦੇ ਵੀ ਟਿਕਾਣੇ ਹਨ। ਫਿਲਹਾਲ ਪੁਲਿਸ ਬੰਬਾਂ ਨੂੰ ਨਕਾਰਾ ਕਰਨ ਵਿੱਚ ਰੁੱਝੀ ਹੋਈ ਹੈ। ਇਥੇ ਦੱਸਣਾ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਦੀਆਂ ਤਾਜ਼ਾ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਦਫ਼ਤਰ ਨੂੰ ਹੇਸਟਿੰਗ ਇਲਾਕੇ ਵਿੱਚ ਤਬਦੀਲ ਕੀਤਾ ਸੀ। ਚੋਣਾਂ ਦੌਰਾਨ ਬੈਠਕਾਂ ਤੋਂ ਲੈ ਕੇ ਹੋਰ ਸਾਰੇ ਕੰਮ ਇਸੇ ਦਫ਼ਤਰ ਤੋਂ ਕੀਤੇ ਜਾਂਦੇ ਸਨ। ਅਜਿਹੇ ਵਿੱਚ ਇਸ ਥਾਂ ਨੇੜਿਓਂ ਵੱਡੀ ਗਿਣਤੀ 'ਚ ਬੰਬ ਮਿਲਣ ਨਾਲ ਪੁਲਿਸ ਚੁਕੰਨੀ ਹੋ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਭਾਜਪਾਈ ਇਸ ਦਾ ਦੋਸ਼ ਕਾਂਗਰਸ ਉਤੇ ਮੜ ਰਹੇ ਹਨ ਅਤੇ ਕਾਂਗਰਸੀਆਂ ਦਾ ਅੰਦਰਖਾਤੇ ਆਖਣਾ ਹੈ ਕਿ ਇਹ ਭਜਪਾ ਦੀ ਆਪ ਕੀਤੀ ਗਈ ਕਾਰਵਾਈ ਹੈ ਤਾਂ ਜੋ ਉਹ ਸੁਰਖੀਆਂ ਵਿਚ ਆ ਸਕਣ।

Have something to say? Post your comment