ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਗੈਸਟ ਫੈਕਲਟੀ ਸੰਯੁਕਤ ਫਰੰਟ ਸਰਕਾਰੀ ਕਾਲਜ ਪੰਜਾਬ ਦੇ ਸੱਦੇ 'ਤੇ ਪ੍ਰਭਾਵਿਤ ਗੈਸਟ ਸਹਾਇਕ ਪ੍ਰੋਫੈਸਰਾਂ ਦੀਆਂ ਤਨਖ਼ਾਹਾਂ ਦਾ ਬਜਟ ਮੰਗਵਾਉਣ ਸੰਬੰਧੀ ਇਕ ਮੰਗ ਪੱਤਰ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਨੂੰ ਦਿੱਤਾ। ਸਹਾਇਕ ਪ੍ਰੋਫ਼ੈਸਰਾਂ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਕਈ ਪ੍ਰੋਫ਼ੈਸਰਾਂ ਦੀ ਤਨਖ਼ਾਹ ਰੋਕੀ ਗਈ ਹੈ ਜਦੋਂ ਕਿ ਉਹ ਨਿਰੰਤਰ ਆਪਣੀਆਂ ਸੇਵਾਵਾਂ ਇੰਨਾਂ ਕਾਲਜਾਂ ਵਿੱਚ ਨਿਭਾਅ ਰਹੇ ਹਨ। ਮੰਗ ਪੱਤਰ ਦੇਣ ਵਾਲਿਆਂ ਨੇ ਦੱਸਿਆ ਕਿ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਸਿੰਘ ਨੇ ਤੁਰੰਤ ਬਜ਼ਟ ਬਣਾਉਣ ਲਈ ਦਫ਼ਤਰੀ ਅਮਲੇ ਨੂੰ ਆਦੇਸ਼ ਦਿੱਤੇ। ਇਸ ਮੌਕੇ ਸਹਾਇਕ ਪ੍ਰੋਫ਼ੈਸਰਾਂ ਕੁਲਦੀਪ ਸਿੰਘ ਬਾਹੀਆ, ਰਮਨਦੀਪ ਸਿੰਘ, ਚਮਕੌਰ ਸਿੰਘ, ਮੁਹੰਮਦ ਅਨਵਰ ਅਤੇ ਰਾਜਵੀਰ ਕੌਰ ਨੇ ਦੱਸਿਆ ਕਿ ਸੁਨਾਮ ਕਾਲਜ ਵਿਖੇ ਨਿਰੰਤਰ ਸੇਵਾਵਾਂ ਨਿਭਾਅ ਰਹੇ ਕੁੱਝ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਉਚੇਰੀ ਸਿੱਖਿਆ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਤਨਖ਼ਾਹ ਨਹੀਂ ਦਿੱਤੀ ਗਈ ਕਿਉਂਕਿ ਨਵੇਂ ਪ੍ਰੋਫੈਸਰਾਂ ਦੀ ਹੋਈ ਭਰਤੀ ਕਾਰਨ ਇਨ੍ਹਾਂ ਨੂੰ ਵਾਧੂ ਮੰਨ ਲਿਆ ਗਿਆ ਸੀ। ਉਨ੍ਹਾਂ ਆਖਿਆ ਕਿ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੇ ਸੱਦੇ 'ਤੇ 28 ਜੁਲਾਈ ਨੂੰ ਡਾਇਰੈਕਟੋਰੇਟ ਉਚੇਰੀ ਸਿੱਖਿਆ ਵਿਭਾਗ (ਕਾਲਜਾਂ) ਮੋਹਾਲੀ ਵਿਖੇ ਰੋਸ ਧਰਨਾ ਲਗਾਇਆ ਜਾਵੇਗਾ ਤਾਂ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਰੁਕੀਆਂ ਤਨਖ਼ਾਹਾਂ ਮਿਲ ਸਕਣ ਜੇਕਰ ਕੋਈ ਢੁਕਵਾਂ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਤਾਂ ਗੈਸਟ ਫੈਕਲਟੀ ਸੰਯੁਕਤ ਫਰੰਟ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵੀ ਤਿਆਰ ਹੈ। ਇਸ ਮੌਕੇ ਧਰਮਿੰਦਰ ਸਿੰਘ,ਪ੍ਰੋ ਮਨਪ੍ਰੀਤ ਕੌਰ, ਦਲਜੀਤ ਸਿੰਘ, ਸਤਿੰਦਰ ਸਿੰਘ ਆਦਿ ਸਹਾਇਕ ਪ੍ਰੋਫੈਸਰ ਹਾਜ਼ਰ ਸਨ।