ਹੁਸ਼ਿਆਰਪੁਰ : ਸ੍ਰੀ ਗੁਰੂ ਰਵਿਦਾਸ ਸਦਨ ਖੁਰਾਲਗੜ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਆ ਰਹੀ ਸੰਗਤ ਦੀ ਸੁੱਖ ਸੁਵਿਧਾ ਲਈ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਵਲੋੰ ਕਾਰ ਸੇਵਾ ਆਰੰਭ ਕੀਤੀ ਗਈ ਹੈ। ਵਿਸ਼ੇਸ਼ ਜਾਣਕਾਰੀ ਦਿੰਦਿਆਂ ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਅਸਥਾਨਾਂ ਤੇ ਬਹੁਤ ਜਲਦ ਹੀ ਸੁਸਾਇਟੀ ਵਲੋੰ ਵੱਡੇ ਪ੍ਰੋਜੈਕਟ ਉਸਾਰੇ ਜਾਣਗੇ, ਜਿਸ ਵਿੱਚ ਬੱਚਿਆਂ ਲਈ ਸਿੱਖਿਆ, ਕੋਚਿੰਗ ਸੈਂਟਰ ਤੋਂ ਇਲਾਵਾ ਇਕ ਹਸਪਤਾਲ ਬਣਾਇਆ ਜਾਵੇਗਾ, ਜਿਥੇ ਲੋੜਵੰਦ ਲੋਕਾਂ ਨੂੰ ਇਲਾਜ ਕਰਾਉਣ ਦੀ ਸੁਵਿਧਾ ਪ੍ਰਾਪਤ ਹੋਵੇਗੀ। ਉਨਾਂ ਦੱਸਿਆ ਕਿ ਸੁਸਾਇਟੀ ਵਲੋੰ ਬੇਗਮਪੁਰਾ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਦੇ ਨਾਲ ਨਾਲ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਖੁਰਾਲਗੜ ਸਾਹਿਬ ਨੂੰ ਸੰਗਤਾਂ ਲਈ ਵਧੀਆ ਤਰੀਕੇ ਨਾਲ ਤਿਆਰ ਕਰਕੇ ਸਮਰਪਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੰਤ ਨਿਰਮਲ ਦਾਸ ਨੇ ਦੱਸਿਆ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਅਤੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ ਵਾਲੇ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਸਾਰੇ ਪ੍ਰੋਜੈਕਟਾਂ ਤੇ ਸੰਗਤ ਦੀ ਸੁਵਿਧਾ ਲਈ ਨਵ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਨ੍ਹਾਂ ਪਵਿੱਤਰ ਇਤਿਹਾਸਕ ਅਸਥਾਨਾਂ ਤੇ ਦਰਸ਼ਨ ਦੀਦਾਰੇ ਕਰਨ ਜਾਣ ਵਾਲੀਆਂ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।
ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਨੇ ਕਿਹਾ ਕਿ ਸੁਸਾਇਟੀ ਵਲੋੰ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਾਉਣ ਲਈ ਉਸਾਰੂ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਸਿੱਖਿਅਤ ਸਮਾਜ ਹੀ ਖੁਸ਼ਹਾਲ ਅਤੇ ਤਰੱਕੀ ਦੀਆਂ ਮੰਜਿਲਾਂ ਨੂੰ ਸਰ ਕਰ ਸਕਦਾ ਹੈ। ਉਨਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਰਗੇ ਵਿੱਦਿਆ ਦੇ ਚਾਨਣ ਮੁਨਾਰੇ ਮੰਦਿਰ ਉਸਾਰਨਾ ਹੀ ਸਮੇਂ ਦੀ ਮੁੱਖ ਲੋੜ ਹੈ ਜਿਸ ਲਈ ਪੜੇ ਲਿਖੇ,ਬੁੱਧੀਜੀਵੀ ਵਰਗ ਨੂੰ ਰਹਿਬਰਾਂ ਦੇ ਸੁਪਨੇ ਪੂਰੇ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।