ਅੰਮ੍ਰਿਤਸਰ : ਅਮਰੀਕਾ ’ਚ ਭਾਰਤ ਦੇ ਸਾਬਕਾ ਰਾਜਦੂਤ, ਯੂਐਸ-ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ ਦੇ ਐਡਵਾਈਜ਼ਰ ਅਤੇ ਜੀਓਪੌਲਿਟਿਕਲ ਇੰਸਟੀਚਿਊਟ ਦੇ ਚੇਅਰਮੈਨ ਸ. ਤਰਨਜੀਤ ਸਿੰਘ ਸੰਧੂ, ਜੋ ’ਵਿਕਸਤ ਅੰਮ੍ਰਿਤਸਰ’ ਦੇ ਬਾਨੀ ਸੰਸਥਾਪਕ ਵੀ ਹਨ ਨੇ ਅੱਜ ਅਕਾਲੀ ਦਲ ਦੇ ਰੂਹੇ ਰਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਆਗੂ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਬਰਸੀ ਅਤੇ ਯਾਦਗਾਰੀ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਬੱਚਿਆਂ ਦੀ ਸਿੱਖਿਆ ਨਰਸਰੀਆਂ ਅਤੇ ਨੌਜਵਾਨ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਨਿਵੇਸ਼ਕਾਂ ਨੂੰ ਇਸ ਖੇਤਰ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।
ਇਹ ਸਮਾਗਮ ਸਰਦਾਰ ਤੇਜਾ ਸਿੰਘ ਸਮੁੰਦਰੀ ਦੁਆਰਾ 1917 ਵਿੱਚ ਪੇਂਡੂ ਖੇਤਰ ਸਰਹਾਲੀ ਵਿਖੇ ਸਥਾਪਿਤ ਗੁਰੂ ਗੋਬਿੰਦ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਵਿਖੇ ਖ਼ਾਲਸਾ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਹ ਕੇਵਲ ਇਕ ਯਾਦਗਾਰੀ ਸਮਾਰੋਹ ਨਹੀਂ ਸੀ ਸਗੋਂ ਭਾਵਨਾਵਾਂ ਇਤਿਹਾਸ ਅਤੇ ਰਾਸ਼ਟਰੀ ਸਨਮਾਨ ਨਾਲ ਭਰਪੂਰ ਅਨਮੋਲ ਪਲ ਸੀ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਵਿਦਿਆਰਥੀਆਂ ਵੱਲੋਂ ਰਸ ਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸ. ਤੇਜਾ ਸਿੰਘ ਸਮੁੰਦਰੀ ਦੀ ਜ਼ਿੰਦਗੀ ਉੱਤੇ ਭਾਵਪੂਰਨ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਆਪਣੇ ਦਾਦਾ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੀ ਸ਼ਹਾਦਤ 1926 ਵਿੱਚ ਲਾਹੌਰ ਜੇਲ੍ਹ ਵਿੱਚ ਬ੍ਰਿਟਿਸ਼ ਹਿਰਾਸਤ ਦੌਰਾਨ ਹੋਈ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਉਹ ਆਪਣੇ ਦਾਦਾ ਸ. ਤੇਜਾ ਸਿੰਘ ਸਮੁੰਦਰੀ ਦੇ ਸੰਘਰਸ਼ਮਈ ਜੀਵਨ, ਖ਼ਾਲਸਾ ਪੰਥ ਅਤੇ ਅਕਾਲੀ ਲਹਿਰ ਵਿੱਚ ਕੀਤੀ ਗਈ ਸੇਵਾ ਅਤੇ ਅਗਵਾਈ ਨੂੰ ਆਪਣੇ ਜੀਵਨ ਦੀ ਪ੍ਰੇਰਣਾ ਮੰਨਦੇ ਹਨ।
“ਉਨ੍ਹਾਂ ਦੀ ਜ਼ਿੰਦਗੀ ਸਿਰਫ਼ ਸਿੱਖ ਧਰਮ ਜਾਂ ਅਜ਼ਾਦੀ ਅੰਦੋਲਨ ਦੀ ਸੇਵਾ ਹੀ ਨਹੀਂ ਸੀ, ਸਗੋਂ ਵਿੱਦਿਅਕ ਖੇਤਰ ਖ਼ਾਸਕਰ ਲੜਕੀਆਂ ਦੀ ਪੜਾਈ ਪ੍ਰਤੀ ਦ੍ਰਿਸ਼ਟੀਕੋਣ ਅਪਣਾਉਂਦਿਆਂ ਖ਼ਾਲਸਾ ਸੰਸਥਾਵਾਂ ਦੀ ਸਥਾਪਨਾ ਸਾਡੀ ਬੌਧਿਕ ਵਿਰਾਸਤ ਦਾ ਅਹਿਮ ਹਿੱਸਾ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ।” ਉਨ੍ਹਾਂ ਨੇ ਕਿਹਾ ਕਿ "ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਜੋ ਬੀਜ ਬੀਜਿਆ , ਅੱਜ ਉਹ ਸੰਸਥਾਵਾਂ ਦੇ ਰੂਪ ਵਿੱਚ ਵਿਕਸਤ ਹੋ ਕੇ ਨਵੀਂ ਪੀੜ੍ਹੀ ਨੂੰ ਘੜਨ ਵਿੱਚ ਯੋਗਦਾਨ ਪਾ ਰਹੇ ਹਨ।" ਸ. ਸੰਧੂ ਨੇ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ, ਸਾਇੰਸ, ਰੋਜ਼ਗਾਰ ਮੁਖੀ ਅਤੇ ਆਧੁਨਿਕ ਸਿੱਖਿਆ ਰਾਹੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਵਿੱਦਿਅਕ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਅਤੇ ਖ਼ਾਲਸਾ ਆਦਰਸ਼ਾਂ ਨਾਲ ਜੋੜੇ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ।
ਇਸ ਮੌਕੇ ਸ. ਸੰਧੂ ਦੇ ਸਹਿਪਾਠੀ ਅਤੇ ਸੰਸਥਾ ਦੇ ਆਨਰੇਰੀ ਸਕੱਤਰ ਸ. ਪਰਮਿੰਦਰ ਸਿੰਘ ਸੰਧੂ ਨੇ ਸ. ਸਮੁੰਦਰੀ ਦੀ ਅਮਰ ਯਾਦ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਆਦਰਸ਼ਾਂ ਨੂੰ ਅੱਗੇ ਲਿਜਾਣ ਦਾ ਭਰੋਸਾ ਜਤਾਇਆ ਅਤੇ ਬਚਿਆਂ ਨੂੰ ਸਿੱਖ ਇਤਿਹਾਸ ਦੀਆਂ ਵਿਰਾਸਤਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਸਮਾਰੋਹ ਦੇ ਅੰਤ ਵਿੱਚ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਪੌਦਾ ਲਗਾ ਕੇ ਪ੍ਰਦੂਸ਼ਣ ਵਿਰੋਧੀ ਸੰਦੇਸ਼ ਦਿੱਤਾ ਅਤੇ ਨਵੀਂ ਪੀੜ੍ਹੀ ਨੂੰ ਪ੍ਰਕਿਰਤੀ ਨਾਲ ਜੁੜਨ ਦੀ ਅਪੀਲ ਕੀਤੀ। ਸ. ਸੰਧੂ ਨੇ ਆਪਣੇ ਪੁਸ਼ਤੈਨੀ ਪਿੰਡ ਬੁਰਜ ਰਾਇ ਕੇ ਸਰਹਾਲੀ ਦਾ ਵੀ ਦੌਰਾ ਕੀਤਾ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਕਰਨਲ ਬਲਬੀਰ ਸਿੰਘ ਸੰਧੂ ਡਾਕਟਰ ਗੁਰਲਾਲ ਸਿੰਘ ਕੈਨੇਡਾ, ਡਾਕਟਰ ਸਿਮਰਤ ਸੰਧੂ ਵੀ ਹਾਜ਼ਰ ਸਨ।