ਮੋਹਾਲੀ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਅਹਿਮ ਫੈਸਲੇ ਲੈਦਿਆਂ ਹੋਇਆ ਪੰਜਾਬ ਮਾਰਕਿਟ ਕਮੇਟੀਜ਼ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਨੂੰ ਮੰਨਿਆ ਗਿਆ ਹੈ, ਜਿਸਦੇ ਲਈ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨਾਲ ਅੱਜ ਮੁੱਖ ਦਫ਼ਤਰ ਵਿਖੇ ਪੰਜਾਬ ਮਾਰਕਿਟ ਕਮੇਟੀਜ਼ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਮੁਲਾਕਾਤ ਕੀਤੀ ਗਈ। ਇਸ ਮੌਕੇ ਮੁਲਾਜਮਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਯੂਨੀਅਨ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਬਾਰੇ ਚੇਅਰਮੈਨ, ਪੰਜਾਬ ਮੰਡੀ ਬੋਰਡ ਨੂੰ ਜਾਣੂ ਕਰਵਾਇਆ ਗਿਆ ਜਿਨ੍ਹਾਂ ਦਾ ਚੇਅਰਮੈਨ ਵੱਲੋਂ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।
ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਚਿੰਤਾਵਾਂ ਅਤੇ ਮੰਗਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਇਹ ਫੈਸਲੇ ਬੋਰਡ ਦੀ ਕਾਰਗੁਜਾਰੀ ਨੂੰ ਹੋਰ ਬਿਹਤਰ ਬਣਾਉਣ ਵੱਲ ਇੱਕ ਹੋਰ ਕਦਮ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਮੁਲਾਜਮਾਂ ਦੇ ਹੱਕ ਵਿੱਚ ਖੜੇ ਰਹੇ ਹਨ। ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ, ਉੱਥੇ ਹੀ ਮੁਲਾਜਮਾਂ ਦੀ ਭਲਾਈ ਲਈ ਵੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਮੁਲਾਜਮਾਂ ਦੇ ਹਿੱਤਾਂ ਨੂੰ ਹਮੇਸ਼ਾ ਉੱਪਰ ਰੱਖਦੇ ਹਨ ਅਤੇ ਭਵਿੱਖ ਵਿੱਚ ਵੀ ਮੁਲਾਜਮਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗਾ ਅਤੇ ਉਹ ਮੁਲਾਜਮਾਂ ਦੀ ਭਲਾਈ ਲਈ ਕਾਰਜਸ਼ੀਲ ਰਹਿਣਗੇ।
ਯੂਨੀਅਨ ਮੈਂਬਰਾਂ ਨੇ ਚੇਅਰਮੈਨ, ਪੰਜਾਬ ਮੰਡੀ ਬੋਰਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲੇ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣਗੇ। ਮਾਰਕਿਟ ਕਮੇਟੀਆਂ ਦਾ ਸਿੱਧਾ ਸਬੰਧ ਕਿਸਾਨਾਂ, ਆੜ੍ਹਤੀਆਂ ਤੇ ਮਜਦੂਰਾਂ ਨਾਲ ਹੁੰਦਾ ਹੈ, ਇਸ ਲਈ ਯੂਨੀਅਨ ਦੇ ਨੁਮਾਇੰਦਿਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦੇਣਗੇ। ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਚੇਅਰਮੈਨ, ਪੰਜਾਬ ਮੰਡੀ ਬੋਰਡ ਤੋਂ ਜਦੋਂ ਵੀ ਮਿਲਣ ਲਈ ਸਮਾਂ ਮੰਗਿਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਤੁਰੰਤ ਸਮਾਂ ਦੇ ਦਿੱਤਾ ਜਾਂਦਾ ਹੈ ਅਤੇ ਮੰਗਾਂ ਤੇ ਬਹੁਤ ਵਿਸਥਾਰ ਵਿੱਚ ਵਿਚਾਰ ਕੀਤਾ ਜਾਂਦਾ ਹੈ। ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਰਹਿਨੁਮਾਈ ਹੇਠ ਪੰਜਾਬ ਮੰਡੀ ਬੋਰਡ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਚੰਗੀ ਕਾਰਗੁਜਾਰੀ ਕੀਤੀ ਜਾ ਰਹੀ ਹੈ।