ਸੁਨਾਮ : ਅਕੇਡੀਆ ਵਰਲਡ ਸਕੂਲ,ਸੁਨਾਮ ਵਿਖੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਦੁਆਰਾ 'ਨੋ ਬੈਗ ਡੇਅ' ਜੋਸ਼ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਦਿਨ ਵਿਦਿਆਰਥੀਆਂ ਨੂੰ ਬਿਨਾਂ ਬੈੱਗ ਦੇ ਸਕੂਲ ਆਉਣ ਲਈ ਕਿਹਾ ਗਿਆ ਸੀ ਤਾਂ ਜੋ ਉਹ ਪਾਠਕ੍ਰਮ ਤੋਂ ਹਟਕੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈ ਸਕਣ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਰਣਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੇ ਖੇਡਾਂ ਜਿਸ ਵਿੱਚ ਗਰੋਸ ਮੋਟਰ ਸਕਿਲਸ, ਡਰਾਇੰਗ, ਗੀਤਾਂ ਤੇ ਨਾਚ ਵਰਗੀਆਂ ਰਚਨਾਤਮਕ ਗਤੀਵਿਧੀਆਂ ਵਿੱਚ ਭਰਪੂਰ ਰੁਚੀ ਦਿਖਾਈ। ਸਕੂਲ ਵਿੱਚ ਉਨ੍ਹਾਂ ਲਈ ਮਨੋਰੰਜਕ ਫਿਲਮ ਵੀ ਦਿਖਾਈ ਗਈ 'ਤਾਰੇ ਜ਼ਮੀਨ ਪਰ’ ਜਿਸ ਨੂੰ ਬੱਚਿਆਂ ਨੇ ਬਹੁਤ ਪਸੰਦ ਕੀਤਾ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਦਿਨ ਬੱਚਿਆਂ ਵਿੱਚ ਖੁਸ਼ੀ ਅਤੇ ਸਿੱਖਣ ਦੀ ਇੱਛਾ ਵਧਾਉਂਦੇ ਹਨ।ਸਕੂਲ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਦੀ ਕਲਪਨਾ ਸ਼ਕਤੀ ਵਿੱਚ ਨਿਖਾਰ ਆਉਂਦਾ ਹੈ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਮਦਦ ਕਰਦੀਆਂ ਹਨ ਜਿਸ ਨਾਲ ਉਹਨਾਂ ਨੂੰ ਕਲਾਸ ਰੂਮ ਤੋਂ ਬਾਹਰ ਦੀ ਦੁਨੀਆ ਦੀਆਂ ਗਤੀਵਿਧੀਆਂ ਅਤੇ ਕੰਮ ਕਾਜ ਦੀ ਸਮਝ ਆਉਂਦੀ ਹੈ।