ਕੁਰਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਐਸਜੀਪੀਸੀ ਮੈਂਬਰ ਜੱਥੇਦਾਰ ਚਰਨਜੀਤ ਸਿੰਘ ਕਾਲੇਵਾਲ ਨੇ ਖਰੜ ਤੋਂ ਵਿਧਾਇਕ ਗਗਨ ਅਨਮੋਲ ਮਾਨ ਦੇ ਅਸਤੀਫੇ ਨੂੰ ਲੋਕ ਫਤਵੇ ਦਾ ਨਿਰਾਦਰ ਕਰਾਰ ਦਿੱਤਾ ਹੈ। ਜੱਥੇਦਾਰ ਕਾਲੇਵਾਲ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਆਪਣੇ ਕਾਰਜਕਾਲ ਵਿੱਚ ਕੀਤੀਆਂ ਧੱਕੇਸ਼ਾਹੀਆਂ ਦਾ ਹਲਕੇ ਦੇ ਵੋਟਰ ਜਵਾਬ ਦੇਣਗੇ। ਜਥੇਦਾਰ ਕਾਲੇਵਾਲ ਨੇ ਕਿਹਾ ਕਿ ਇਹ ਵੀ ਹਲਕੇ ਦੀ ਬਦਕਿਸਮਤੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੰਵਰ ਸੰਧੂ ਨੇ ਪਾਰਟੀ ਨਾਲ ਆਪਣੀ ਨਰਾਜ਼ਗੀ ਕਰਕੇ ਹਲਕੇ ਨੂੰ ਲਵਾਰਸ ਛੱਡ ਦਿੱਤਾ ਸੀ ਤੇ ਹੁਣ ਗਗਨ ਅਨਮੋਲ ਮਾਨ ਵੱਲੋ ਹਲਕੇ ਦੇ ਲੋਕਾਂ ਦਾ ਨਿਰਾਦਰ ਕੀਤਾ ਗਿਆ ਹੈ। ਜਥੇਦਾਰ ਕਾਲੇਵਾਲ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਓਹ ਅਜਿਹੇ ਮੌਕਾ ਪ੍ਰਸਤ ਸਿਆਸਤਦਾਨਾਂ ਨੂੰ ਸਮਾਂ ਆਉਣ ਤੇ ਜਰੂਰ ਸਬਕ ਸਿਖਾਉਣ। ਇਸ ਦੇ ਨਾਲ ਹੀ ਜੱਥੇਦਾਰ ਕਾਲੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਵਰਕਰਾਂ ਨੂੰ ਅਪੀਲ ਕੀਤੀ ਕਿ ਓਹ ਅੱਜ ਤੋਂ ਹੀ ਪੰਥਕ ਹਲਕੇ ਦੀ ਲਾਮ ਬੰਦੀ ਕਰ ਲੈਣ ਤਾਂ ਜੋ ਜ਼ਿਮਨੀ ਚੋਣ ਵਿਚ ਪਾਰਟੀ ਉਮੀਦਵਾਰ ਨੂੰ ਇਤਿਹਾਸਿਕ ਜਿੱਤ ਦਰਜ ਕਰਵਾਕੇ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਰੱਖੀ ਜਾ ਸਕੇ।