ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਮਾਈ ਭਾਗੋ ਹੋਸਟਲ ਵਿੱਚ ਰੋਟਰੀ ਕਲੱਬ ਪਟਿਆਲਾ ਵੱਲੋਂ 'ਵਾਟਰ ਕੂਲਰ ਕਮ ਫਿ਼ਲਟਰ' ਮੁਹੱਈਆ ਕਰਵਾਇਆ ਗਿਆ ਹੈ। ਯੂਨੀਵਰਸਟੀ ਦੇ ਐੱਨ. ਐੱਸ. ਐੱਸ. ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਐੱਨ. ਐੱਸ. ਐੱਸ. ਵਿਭਾਗ ਰਾਹੀਂ ਇਹ ਵਾਟਰ ਕੂਲਰ ਹੋਸਟਲ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਹੋਸਟਲ ਵਿੱਚ ਇਸ ਵਾਟਰ ਕੂਲਰ ਦਾ ਉਦਘਾਟਨ ਕੀਤਾ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦੀ ਬਦੌਲਤ ਹੋਸਟਲ ਦੀਆਂ ਕੁੜੀਆਂ ਨੂੰ ਸਾਫ਼ ਅਤੇ ਠੰਡਾ ਪਾਣੀ ਪੀਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਤੰਦਰੁਸਤੀ ਦੇ ਲਿਹਾਜ਼ ਨਾਲ਼ ਸਾਫ਼ ਪਾਣੀ ਦੀ ਬਹੁਤ ਜਿ਼ਆਦਾ ਅਹਿਮੀਅਤ ਹੁੰਦੀ ਹੈ।
ਰੋਟਰੀ ਕਲੱਬ ਪਟਿਆਲਾ ਦੇ ਪ੍ਰਧਾਨ ਡਾ. ਬੀ.ਐੱਲ.ਭਾਰਦਵਾਜ ਨੇ ਇਸ ਮੌਕੇ ਬੋਲਦਿਆਂ ਰੋਟਰੀ ਕਲੱਬ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਰੋਟਰੀ ਕਲੱਬ ਵੱਲੋਂ ਪੰਜਾਬੀ ਯੂਨੀਵਰਸਿਟੀ ਨਾਲ਼ ਰਲ ਕੇ ਕੀਤੇ ਗਏ ਵੱਖ-ਵੱਖ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਮੋਨਿਕਾ ਚਾਵਲਾ, ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਚਹਿਲ, ਰੋਟਰੀ ਕਲੱਬ ਤੋਂ ਡਾ. ਗੁਰਚਰਨ ਸਿੰਘ ਅਤੇ ਹੋਰ ਮੈਂਬਰ ਵੀ ਸ਼ਾਮਿਲ ਹੋਏ।ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਅਤੇ ਡਾ. ਅਭਿਨਵ ਭੰਡਾਰੀ ਵੀ ਇਸ ਮੌਕੇ ਹਾਜ਼ਰ ਰਹੇ।