ਹਾਈ ਕੋਰਟ ਦੀ ਹਦਾਇਤ 'ਚ ਬਣੇ ਪੰਜਾਬ ਦੇ ਦੋ ਸਰਕਾਰੀ ਓਲਡ ਏਜ ਹੋਮ, ਮਾਨਸਾ ਵਾਲਾ ਜਲਦ ਹੋਵੇਗਾ ਚਾਲੂ : ਕੁਲਜੀਤ ਸਿੰਘ ਬੇਦੀ
ਬੇਦੀ ਵਲੋਂ ਸੂਚਨਾ ਦੇ ਅਧਿਕਾਰ ਰਾਹੀਂ ਦੋਨੋ ਸੂਬਿਆਂ ਤੋਂ ਮੰਗੀ ਜਾਣਕਾਰੀ, ਮਾਣਹਾਨੀ ਦਾ ਦਾਅਵਾ ਕਰਨ ਦੀ ਤਿਆਰੀ
ਮੋਹਾਲੀ : ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਆਪਣੇ ਜਨਮਦਿਨ ਮੌਕੇ ਬਰਨਾਲਾ ਜ਼ਿਲ੍ਹੇ ਦੀ ਤਪਾ ਮੰਡੀ ‘ਚ ਸਥਿਤ ਸਰਕਾਰੀ ਓਲਡ ਏਜ ਹੋਮ ਦਾ ਦੌਰਾ ਕਰਦਿਆਂ ਇਥੇ ਰਹਿ ਰਹੇ ਬਜ਼ੁਰਗਾਂ ਨਾਲ ਆਪਣਾ ਜਨਮਦਿਨ ਮਨਾਇਆ। ਇਹ ਓਲਡ ਏਜ ਹੋਮ ਪੰਜਾਬ ਸਰਕਾਰ ਵਲੋਂ ਉਸ ਮਾਮਲੇ ਦੇ ਨਤੀਜੇ ਵਜੋਂ ਬਣਾਇਆ ਗਿਆ ਹੈ ਜੋ ਬੇਦੀ ਵਲੋਂ ਹਾਈ ਕੋਰਟ ਵਿੱਚ ਦਾਇਰ ਕੀਤਾ ਗਿਆ ਸੀ।
ਡਿਪਟੀ ਮੇਅਰ ਨੇ ਦੱਸਿਆ ਕਿ ਪੰਜਾਬ ਵਿਚ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਦੋ ਸਰਕਾਰੀ ਓਲਡ ਏਜ ਹੋਮ ਬਣਾਏ ਗਏ ਹਨ, ਜਿਨ੍ਹਾਂ ‘ਚੋਂ ਤਪਾ ਮੰਡੀ ਵਾਲਾ ਹੁਣ ਚਾਲੂ ਹੋ ਚੁੱਕਾ ਹੈ, ਜਦਕਿ ਮਾਨਸਾ ਵਾਲਾ ਵੀ ਇੱਕ-ਦੋ ਮਹੀਨਿਆਂ ‘ਚ ਚਾਲੂ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਇਹ ਉਪਰਾਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਹਨਾਂ ਨੇ ਇੱਕ ਬਜ਼ੁਰਗ ਦੀ ਬਦਕਿਸਮਤ ਜ਼ਿੰਦਗੀ ਬਾਰੇ ਜਾਣਿਆ, ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਭਰ ਵਿੱਚ ਓਲਡ ਏਜ ਹੋਮ ਬਣਵਾਉਣ ਲਈ ਸਰਕਾਰ ਨੂੰ ਕਈ ਵਾਰ ਚਿੱਠੀਆਂ ਲਿਖੀਆਂ, ਮਿਲਣ ਗਏ, ਪਰ ਸੁਣਵਾਈ ਨਾ ਹੋਣ ਕਰਕੇ ਅੰਤ ਵਿੱਚ ਹਾਈ ਕੋਰਟ ਦੀ ਸ਼ਰਨ ਲਈ। ਬੇਦੀ ਨੇ ਦੱਸਿਆ ਕਿ ਹਾਈ ਕੋਰਟ ਨੇ ਨਾ ਸਿਰਫ ਪੰਜਾਬ ਸੂਬੇ ਨੂੰ, ਸਗੋਂ ਹਰਿਆਣਾ ਨੂੰ ਵੀ ਇਸ ਮਾਮਲੇ ‘ਚ ਪਾਬੰਦ ਕੀਤਾ। ਦੋਵੇਂ ਰਾਜਾਂ ਨੇ ਕੋਰਟ ਕੋਲੋਂ ਸਮਾਂ ਲੈ ਕੇ ਆਪਣੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਰਧ ਆਸ਼ਰਮ ਬਣਾਉਣ ਦਾ ਭਰੋਸਾ ਦਿੱਤਾ, ਪਰ ਅੱਜ ਤੱਕ ਪੰਜਾਬ ‘ਚ ਕੇਵਲ ਦੋ ਹੀ ਬਣੇ ਹਨ। ਉਹਨਾਂ ਕਿਹਾ ਕਿ ਹਰਿਆਣਾ ‘ਚ ਕੀ ਹਾਲਤ ਹੈ, ਇਹ ਜਾਣਨ ਲਈ ਉਹ RTI ਰਾਹੀਂ ਜਾਣਕਾਰੀ ਲੈਣਗੇ ਤੇ ਉਪਰੰਤ ਦੋਹਾਂ ਸੂਬਿਆਂ ਦੇ ਖ਼ਿਲਾਫ ਮਾਣਹਾਨੀ ਦਾ ਦਾਅਵਾ ਵੀ ਕਰਨਗੇ।
ਡਿਪਟੀ ਮੇਅਰ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਨ ਕਿ ਆਪਣੇ ਬੱਚਿਆਂ ਲਈ ਜ਼ਿੰਦਗੀ ਸਮਰਪਿਤ ਕਰਨ ਵਾਲੇ ਬਜ਼ੁਰਗਾਂ ਨੂੰ ਉਚਿਤ ਇੱਜ਼ਤ, ਸਨਮਾਨ ਅਤੇ ਆਦਰਯੋਗ ਜੀਵਨ ਮਿਲੇ। ਉਹਨਾਂ ਅੰਤ ਵਿੱਚ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਰਕਾਰੀ ਓਲਡ ਏਜ ਹੋਮ ਬਣਨਾ ਚਾਹੀਦਾ ਹੈ, ਜੋ ਪੂਰੀ ਤਰ੍ਹਾਂ ਮੁਫਤ ਅਤੇ ਵਧੀਆ ਸਹੂਲਤਾਂ ਨਾਲ ਲੈਸ ਹੋਣ।