ਫ਼ੂਡ ਸੇਫਟੀ ਵਿਭਾਗ ਨੂੰ ਖਾਣ ਪੀਣ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਦੇ ਦਿੱਤੇ ਨਿਰਦੇਸ਼
ਸੁਨਾਮ : ਬਰਸਾਤਾਂ ਦੇ ਮੌਸਮ ਵਿੱਚ ਫ਼ੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਅਤੇ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਸੁਨਾਮ ਦੇ ਐਸਡੀਐਮ ਪ੍ਰਮੋਦ ਸਿੰਗਲਾ ਨੇ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਸਬੰਧੀ ਸਖ਼ਤ ਰੁਖ ਅਖਤਿਆਰ ਕੀਤਾ ਹੈ। ਮੰਗਲਵਾਰ ਨੂੰ ਫ਼ੂਡ ਸੇਫਟੀ ਵਿਭਾਗ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਦੌਰਾਨ ਉਨ੍ਹਾਂ ਨੇ ਦੁੱਧ ਉਤਪਾਦਕਾਂ ਨੂੰ ਕਿਹਾ ਕਿ ਦੁੱਧ ਵਿੱਚ ਕਿਸੇ ਵੀ ਕਿਸਮ ਦੀ ਮਿਲਾਵਟ ਨਾ ਹੋਵੇ, ਕਿਉਂਕਿ ਇਹ ਸਿੱਧਾ ਲੋਕਾਂ ਦੀ ਸਿਹਤ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਮਠਿਆਈ ਦੀਆਂ ਦੁਕਾਨਾਂ ਨੂੰ ਤਾਜ਼ੀ ਅਤੇ ਸਾਫ਼ ਸੁਥਰੀ ਮਠਿਆਈ ਵੇਚਣ ਦੀ ਹਦਾਇਤ ਕੀਤੀ। ਮਠਿਆਈ ਚ ਸਾਫ਼ ਸੁਥਰੀ ਅਤੇ ਮਿਆਦ ਦੀ ਪਾਲਣਾ ਜ਼ਰੂਰੀ ਹੈ ਨਹੀਂ ਤਾਂ ਸਖ਼ਤ ਕਾਰਵਾਈ ਹੋਵੇਗੀ। ਐਸਡੀਐੱਮ ਪ੍ਰਮੋਦ ਸਿੰਗਲਾ ਨੇ ਸਿਹਤ, ਫੂਡ ਸੇਫਟੀ ਅਤੇ ਹੋਰ ਅਧਿਕਾਰੀਆਂ ਨੂੰ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਨਿਯਮਤ ਚੈਕਿੰਗ ਕਰਨ ਲਈ ਕਿਹਾ, ਤਾਂ ਜੋ ਮਾਰਕੀਟ 'ਚ ਵਿਕ ਰਹੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਪੂਰੀ ਜਾਂਚ ਹੋ ਸਕੇ। ਉਨ੍ਹਾਂ ਕਿਹਾ ਕਿ ਮਿਲਾਵਟੀ ਅਤੇ ਮਿਆਦ ਪੁੱਗੀਆਂ ਖਾਧ ਵਸਤੂਆਂ ਨਾਲ ਲੋਕਾਂ ਦੀ ਜਾਨ ਖਤਰੇ 'ਚ ਪੈ ਸਕਦੀ ਹੈ, ਜਿਸਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੀਟਿੰਗ ਮੌਕੇ ਡੀ ਐਸ ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।