ਪਟਿਆਲਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਦੇਖ-ਰੇਖ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ,ਪਟਿਆਲਾ ਵਿਖੇ "ਡੇਅਰੀ ਪਾਲਣ" ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਮਿਤੀ 4 ਤੋਂ 14 ਜੁਲਾਈ ਤੱਕ ਲਗਾਇਆ ਗਿਆ। ਇਹ ਸਿਖਲਾਈ ਪ੍ਰੋਗਰਾਮ ਸਹਾਇਕ ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਡਾ. ਹਰਦੀਪ ਸਿੰਘ ਸਭਿਖੀਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹੇ ਭਰ ਦੇ 40 ਕਿਸਾਨਾਂ, ਬੀਬੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ।
ਇਸ ਸਿਖਲਾਈ ਪ੍ਰੋਗਰਾਮ ’ਚ ਸਹਾਇਕ ਪ੍ਰੋਫੈਸਰ, ਪਸ਼ੂ ਵਿਗਿਆਨ, ਅਤੇ ਕੋਰਸ ਕੋਆਰਡੀਨੇਟਰ ਡਾ. ਜੀ. ਪੀ. ਐਸ. ਸੇਠੀ ਨੇ ਪਸ਼ੂਆਂ ਦੀਆਂ ਨਸਲਾਂ, ਪ੍ਰਜਨਨ ਪ੍ਰਬੰਧਨ, ਪਸ਼ੂਆਂ ਲਈ ਵਾੜੇ ਅਤੇ ਪਸ਼ੂਆਂ ਦੀਆਂ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਸੰਭਾਵਤ ਇਲਾਜਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸੁਧਰੀ ਨਸਲ ਦੀ ਪਹਿਚਾਣ, ਦੰਦਾਂ ਤੋਂ ਉਮਰ ਦਾ ਅੰਦਾਜ਼ਾ ਲਗਾਉਣ, ਟੀਕਾਕਰਨ ਆਦਿ ਬਾਰੇ ਵੀ ਦੱਸਿਆ ਗਿਆ।
ਸਿਖਲਾਈ ’ਚ ਵੈਟਰਨਰੀ ਅਫ਼ਸਰ ਡਾ. ਜੀਵਨ ਗੁਪਤਾ ਨੇ ਵੱਖ-ਵੱਖ ਪੜਾਵਾਂ ਵਿੱਚ ਡੇਅਰੀ ਪਸ਼ੂਆਂ ਦੇ ਪ੍ਰਬੰਧਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਸਿਖਲਾਈ ਵਿੱਚ ਸ਼ਾਮਲ ਸਿੱਖਿਆਰਥੀਆਂ ਨੂੰ ਕੇਂਦਰੀ ਮੱਝਾਂ ਦੀ ਖੋਜ ਸੰਸਥਾ, ਨਾਭਾ ਦਾ ਦੌਰਾ ਵੀ ਕਰਵਾਇਆ ਗਿਆ। ਉਪਰੋਕਤ ਸਿਖਲਾਈ ਕੋਰਸ ਦਾ ਸੰਖੇਪ ਜੋੜਨ ਲਈ, ਡਾ. ਹਰਦੀਪ ਸਿੰਘ ਸਭਿਖੀ ਨੇ ਸਾਰੇ ਸਿੱਖਿਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਦਿੱਤੀ ਅਤੇ ਇਸ ਸਿਖਲਾਈ ਨੂੰ ਵਧੀਆ ਸਫਲ ਬਣਾਉਣ ਲਈ ਆਪਣਾ ਕੀਮਤੀ ਸਮਾਂ ਬਤੀਤ ਕਰਨ ਲਈ ਸਮੂਹ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ।