ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਬੇਅਦਬੀ ਦੇ ਅਤਿ ਸੰਵੇਦਨਸ਼ੀਲ ਮੁੱਦੇ 'ਤੇ ਕੂੜ ਪ੍ਰਚਾਰ ਕਰਕੇ ਨਾ ਸਿਰਫ਼ ਸੱਤਾ ਹਾਸਲ ਕੀਤੀ, ਸਗੋਂ ਇਨਸਾਫ਼ ਦੀ ਅਸਲ ਪ੍ਰਕਿਰਿਆ ਨੂੰ ਵੀ ਲੀਹੋਂ ਲਾਹਿਆ। ਉਨ੍ਹਾਂ ਕਿਹਾ ਕਿ ਹੁਣ ਆਪਣੀ ਤਿੰਨ ਸਾਲਾਂ ਦੀ ਨਾਕਾਮੀ 'ਤੇ ਪਰਦਾ ਪਾਉਣ ਲਈ 'ਆਪ' ਸਰਕਾਰ ਬੇਅਦਬੀ ਬਿੱਲ ਦਾ ਨਵਾਂ ਸਿਆਸੀ ਡਰਾਮਾ ਕਰ ਰਹੀ ਹੈ।
ਸ੍ਰ. ਬ੍ਰਹਮਪੁਰਾ ਨੇ ਕਿਹਾ, "2015 ਦੀਆਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਘਟਨਾਵਾਂ ਬੇਹੱਦ ਦੁਖਦਾਈ ਸਨ ਅਤੇ ਇਨ੍ਹਾਂ ਦਾ ਦਰਦ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਹੈ। ਸਾਡੀ ਸਰਕਾਰ ਨੇ ਉਸ ਵੇਲੇ ਤੁਰੰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਕਰਕੇ ਕਾਰਵਾਈ ਆਰੰਭ ਦਿੱਤੀ ਸੀ। ਪਰ ਉਸ ਸਮੇਂ ਦੀ ਵਿਰੋਧੀ ਧਿਰ, ਖਾਸ ਕਰਕੇ ਆਮ ਆਦਮੀ ਪਾਰਟੀ ਨੇ, ਪੰਥ ਦੇ ਦਰਦ ਵਿੱਚ ਸ਼ਰੀਕ ਹੋਣ ਦੀ ਬਜਾਏ, ਇਸਨੂੰ ਸਿਆਸੀ ਲਾਹਾ ਲੈਣ ਦਾ ਮੌਕਾ ਸਮਝਿਆ।
ਉਨ੍ਹਾਂ ਨੇ ਦੋਸ਼ ਲਾਇਆ, "ਆਪ ਨੇ ਸੱਚ ਨੂੰ ਸਾਹਮਣੇ ਆਉਣ ਦੇਣ ਦੀ ਬਜਾਏ, ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਇੱਕ ਝੂਠਾ ਅਤੇ ਗੁੰਮਰਾਹਕੁੰਨ ਬਿਰਤਾਂਤ ਸਿਰਜਿਆ। ਉਨ੍ਹਾਂ ਨੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਅਤੇ ਸਿੱਖ ਸੰਗਤ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਦੋਸ਼ੀ ਉਹ ਜਾਣਦੇ ਹਨ ਅਤੇ '24 ਘੰਟਿਆਂ' ਵਿੱਚ ਸਲਾਖਾਂ ਪਿੱਛੇ ਸੁੱਟ ਦੇਣਗੇ। ਉਨ੍ਹਾਂ ਦੇ ਇਸ ਕੂੜ ਪ੍ਰਚਾਰ ਨੇ ਜਾਂਚ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਅਤੇ ਇਨਸਾਫ਼ ਦੇ ਰਾਹ ਵਿੱਚ ਰੋੜਾ ਬਣੇ।
ਸ੍ਰ. ਬ੍ਰਹਮਪੁਰਾ ਨੇ 'ਆਪ' ਸਰਕਾਰ ਦੀ ਮੌਜੂਦਾ ਕਾਰਗੁਜ਼ਾਰੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ, "ਹੁਣ ਉਨ੍ਹਾਂ ਦੀ ਆਪਣੀ ਸਰਕਾਰ ਨੂੰ ਤਿੰਨ ਸਾਲ ਹੋ ਗਏ ਹਨ। ਜੇ ਉਨ੍ਹਾਂ ਦੇ ਦੋਸ਼ਾਂ ਵਿੱਚ ਰੱਤੀ ਭਰ ਵੀ ਸੱਚਾਈ ਸੀ, ਤਾਂ ਉਹ ਅੱਜ ਤੱਕ ਇੱਕ ਵੀ ਸਬੂਤ ਕਿਉਂ ਨਹੀਂ ਪੇਸ਼ ਕਰ ਸਕੇ? ਉਨ੍ਹਾਂ ਦੇ ਆਪਣੇ ਹੱਥਾਂ ਵਿੱਚ ਸਾਰੀਆਂ ਜਾਂਚ ਏਜੰਸੀਆਂ ਹਨ, ਫ਼ਿਰ ਵੀ ਕੋਈ ਨਤੀਜਾ ਨਹੀਂ ਨਿਕਲਿਆ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਅਕਾਲੀ ਦਲ ਨੂੰ ਬਦਨਾਮ ਕਰਕੇ ਸੱਤਾ ਹਾਸਲ ਕਰਨਾ ਸੀ, ਨਾ ਕਿ ਇਨਸਾਫ਼ ਦਿਵਾਉਣਾ।
ਉਨ੍ਹਾਂ ਕਿਹਾ ਕਿ ਇਹ ਨਵਾਂ ਬਿੱਲ 'ਆਪ' ਸਰਕਾਰ ਵੱਲੋਂ ਆਪਣੀ ਨਾਕਾਮੀ ਨੂੰ ਕਬੂਲ ਕਰਨ ਦੇ ਬਰਾਬਰ ਹੈ। ਜਦੋਂ ਉਹ ਆਪਣੇ ਕੀਤੇ ਵਾਅਦੇ ਅਨੁਸਾਰ ਦੋਸ਼ੀਆਂ ਨੂੰ ਨਹੀਂ ਫੜ ਸਕੇ, ਤਾਂ ਹੁਣ ਉਹ ਇੱਕ ਨਵਾਂ ਕਾਨੂੰਨ ਲਿਆ ਕੇ ਵਿਸ਼ਾ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਬਿੱਲ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਇੱਕ ਕੋਝੀ ਚਾਲ ਤੋਂ ਵੱਧ ਕੁਝ ਨਹੀਂ ਹੈ।
ਸ੍ਰ. ਬ੍ਰਹਮਪੁਰਾ ਨੇ ਅੰਤ ਵਿੱਚ ਕਿਹਾ, "ਅਸੀਂ ਇਸ ਬਿੱਲ ਨੂੰ ਰੱਦ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਸਰਕਾਰ ਨਵੇਂ ਡਰਾਮੇ ਕਰਨ ਦੀ ਬਜਾਏ, ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਦੱਸੇ ਅਤੇ ਤੁਰੰਤ "ਇੱਕ ਵਾਈਟ ਪੇਪਰ" ਜਾਰੀ ਕਰੇ ਕਿ 'ਆਪ' ਨੇ ਆਪਣੇ ਝੂਠੇ ਦੋਸ਼ਾਂ ਦੇ ਆਧਾਰ 'ਤੇ ਤਿੰਨ ਸਾਲਾਂ ਵਿੱਚ ਕੀ ਜਾਂਚ ਕੀਤੀ ਹੈ? ਸ਼੍ਰੋਮਣੀ ਅਕਾਲੀ ਦਲ ਅਸਲ ਇਨਸਾਫ਼ ਲਈ ਵਚਨਬੱਧ ਹੈ, ਜਿਸਦੇ ਰਾਹ ਵਿੱਚ 'ਆਪ' ਨੇ ਸਿਆਸਤ ਕਰਕੇ ਰੁਕਾਵਟ ਪਾਈ ਸੀ।