ਮੋਹਾਲੀ : “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਜਾਰੀ ਕਾਰਵਾਈ ਵਿੱਚ, ਮੋਹਾਲੀ ਪੁਲਿਸ ਨੇ ਅੱਜ ਥਾਣਾ ਬਲੌਂਗੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਜੁਝਾਰ ਨਗਰ ਵਿੱਚ ਨਸ਼ਾ ਤਸਕਰੀ ਦੇ ਕਾਰੋਬਾਰ ਨਾਲ ਕੀਤੀ ਨਾਜਾਇਜ਼ ਉਸਾਰੀ ਢਾਹੁਣ ਦੀ ਮੁਹਿੰਮ ਚਲਾਈ। ਇਹ ਕਾਰਵਾਈ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਜੋੜੀ ਵਿਰੁੱਧ ਕੀਤੀ ਗਈ।
ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ ਐਸ ਪੀ) ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ, ਪੰਜਾਬ ਪੁਲਿਸ, ਸ੍ਰੀ ਗੌਰਵ ਯਾਦਵ ਦੇ ਸਥਾਈ ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਬੇਨਤੀ ਦੇ ਜਵਾਬ ਵਿੱਚ ਗੈਰ-ਕਾਨੂੰਨੀ ਉਸਾਰੀ ਢਾਹ ਦਿੱਤੀ ਗਈ, ਜਿਸਨੇ ਪੰਚਾਇਤੀ ਜ਼ਮੀਨ 'ਤੇ ਨਸ਼ਾ ਤਸਕਰ ਦੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਵਿੱਚ ਜ਼ਿਲ੍ਹਾ ਪੁਲਿਸ ਦੀ ਮਦਦ ਮੰਗੀ ਸੀ।
ਐਸ ਐਸ ਪੀ ਹਾਂਸ ਨੇ ਖੁਲਾਸਾ ਕੀਤਾ ਕਿ ਮਲਕੀਤ ਸਿੰਘ ਪੁੱਤਰ ਕਰਮ ਚੰਦ ਵਿਰੁੱਧ 2018 ਤੋਂ 2024 ਤੱਕ ਸੱਤ ਐਫ ਆਈ ਆਰਜ਼ ਦਰਜ ਹਨ। ਇਨ੍ਹਾਂ ਵਿੱਚ ਐਨ ਡੀ ਪੀ ਐਸ ਐਕਟ ਅਧੀਨ ਦੋ, ਆਬਕਾਰੀ ਐਕਟ ਅਧੀਨ ਤਿੰਨ ਅਤੇ ਆਈ ਪੀ ਸੀ ਅਧੀਨ ਦੋ ਹੋਰ ਪਰਚੇ ਸ਼ਾਮਲ ਹਨ। ਇਹ ਸਾਰੇ ਪਰਚੇ ਥਾਣਾ ਬਲੌਂਗੀ ਵਿੱਚ ਦਰਜ ਹਨ।
ਉਸ ਦੇ ਪੁੱਤਰ ਹੈਪੀ ਦੇ ਨਾਮ 'ਤੇ ਬਲੌਂਗੀ ਪੁਲਿਸ ਸਟੇਸ਼ਨ ਵਿੱਚ 2018 ਤੋਂ 2025 ਵਿਚਕਾਰ ਪੰਜ ਐਫ ਆਈ ਆਰਜ਼ ਦਰਜ ਹੋਈਆਂ ਹਨ। ਇਨ੍ਹਾਂ ਵਿੱਚ ਐਨ ਡੀ ਪੀ ਐਸ ਐਕਟ ਅਧੀਨ ਦੋ, ਆਬਕਾਰੀ ਐਕਟ ਅਧੀਨ ਇੱਕ ਅਤੇ ਇੱਕ - ਇੱਕ ਆਈ ਪੀ ਸੀ ਅਧੀਨ ਅਤੇ ਬੀ ਐਨ ਐਸ (ਭਾਰਤੀ ਨਿਆ ਸੰਹਿਤਾ) ਤਹਿਤ ਸ਼ਾਮਲ ਹਨ।
ਐਸ ਐਸ ਪੀ ਹਾਂਸ ਨੇ ਕਿਹਾ, "ਮੋਹਾਲੀ ਪੁਲਿਸ ਨਸ਼ਾ ਤਸਕਰਾਂ ਲਈ ਜ਼ੀਰੋ ਸਹਿਣਸ਼ੀਲਤਾ ਨੀਤੀ ਰੱਖਦੀ ਹੈ ਜੋ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਰਹੇ ਹਨ।" ਉਨ੍ਹਾਂ ਕਿਹਾ, "ਜਦੋਂ ਪੰਚਾਇਤ ਵਿਭਾਗ ਨੇ ਗੈਰ-ਕਾਨੂੰਨੀ ਤੌਰ 'ਤੇ ਕਬਜ਼ੇ ਵਾਲੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਲਈ ਸਾਡੀ ਸਹਾਇਤਾ ਮੰਗੀ, ਤਾਂ ਡੀ ਐਸ ਪੀ ਖਰੜ-1, ਕਰਨ ਸੰਧੂ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਨੂੰ ਢਾਹੁਣ ਦੀ ਕਾਰਵਾਈ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਕੀਤਾ ਗਿਆ।"
ਐਸ ਐਸ ਪੀ ਹਾਂਸ, ਜਿਨ੍ਹਾਂ ਦੇ ਨਾਲ ਐਸ ਪੀ (ਪੀ ਬੀ ਆਈ) ਦੀਪਿਕਾ ਸਿੰਘ ਵੀ ਮੌਜੂਦ ਸਨ, ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਿਭਾਗ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ, "ਇਹ ਸਖ਼ਤ ਅਤੇ ਮਿਸਾਲੀ ਕਾਰਵਾਈ ਸਾਰੇ ਸਮਾਜ ਵਿਰੋਧੀ ਅਨਸਰਾਂ ਲਈ ਇੱਕ ਸੰਦੇਸ਼ ਹੈ ਕਿ ਇਸ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਕੋਈ ਵੀ ਵਿਅਕਤੀ ਕਾਨੂੰਨ ਦੀ ਸਖਤੀ ਤੋਂ ਬਚ ਨਹੀਂ ਸਕੇਗਾ।"