ਸੁਨਾਮ : ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ ਵਿੱਚ ਹਾਜ਼ਰ ਪੈਨਸ਼ਨਰਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੁੱਢੋਂ ਵਿਸਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੈਨਸ਼ਨਰਾਂ ਦੇ ਧਰਨਿਆਂ ਵਿੱਚ ਜਾਕੇ ਸਰਕਾਰ ਬਣਨ ਉਪਰੰਤ ਮੰਗਾਂ ਪੂਰੀਆਂ ਕਰਨ ਦੇ ਐਲਾਨ ਕਰਦੇ ਸਨ। ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਪੈਨਸ਼ਨ ਦਫ਼ਤਰ ਵਿੱਚ ਪ੍ਰੇਮ ਚੰਦ ਅਗਰਵਾਲ ਅਤੇ ਗੁਰਬਖਸ਼ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਦੀਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪ੍ਰਤੀ ਮਾੜੀਆਂ ਨੀਤੀਆਂ ਕਾਰਨ ਸੇਵਾ ਮੁਕਤ ਕਰਮਚਾਰੀਆਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਗੁਰਬਖਸ਼ ਸਿੰਘ ਜਖੇਪਲ ਨੇ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਜਥੇਬੰਦੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਹਾਜ਼ਰ ਮੈਂਬਰਾਂ ਨੇ ਪ੍ਰੇਮ ਚੰਦ ਅਗਰਵਾਲ ਨੂੰ ਕਾਰਜ਼ਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ।ਐਸੋਸੀਏਸ਼ਨ ਦੇ ਸਰਗਰਮ ਮੈਂਬਰ ਡਾਕਟਰ ਸ਼ਮਿੰਦਰ ਸਿੰਘ ਸਿੱਧੂ, ਮਦਨ ਲਾਲ ਬਾਂਸਲ, ਬਿੱਕਰ ਸਿੰਘ ਸ਼ੇਰੋਂ, ਬਲਵੰਤ ਸਿੰਘ, ਅਮਰੀਕ ਸਿੰਘ ਖੰਨਾ ਅਤੇ ਕੁਲਦੀਪ ਪਾਠਕ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਜਥੇਬੰਦੀ ਦੇ ਜਨਰਲ ਸਕੱਤਰ ਚੇਤ ਰਾਮ ਢਿੱਲੋਂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਗਿਰਧਾਰੀ ਲਾਲ ਜਿੰਦਲ, ਜਗਦੇਵ ਸਿੰਘ ਚੀਮਾਂ, ਰਜਿੰਦਰ ਕੁਮਾਰ ਗਰਗ, ਜਰਨੈਲ ਸਿੰਘ ਜਖੇਪਲ, ਰਤਨ ਲਾਲ, ਪ੍ਰਕਾਸ਼ ਸਿੰਘ ਕੰਬੋਜ ਆਦਿ ਪੈਨਸ਼ਨਰਜ਼ ਸਾਥੀ ਹਾਜ਼ਰ ਸਨ।