ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਦੇ ਅੰਦਰ ਅੱਜ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦੇ ਹੋਏ ਇਹ ਕਹਿਣਾ ਕਿ “ਤੁਹਾਡੇ ਵੱਜੇ ਹੋਣਗੇ 12 ਸਾਡੇ ਨਹੀਂ” ਨੂੰ ਜਿਸ ਸੰਦਰਭ ’ਚ ਟਿੱਪਣੀ ਕੀਤੀ ਗਈ ਉਹ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਅਪਮਾਨ ਹੈ। ਜਿਸ ਨੇ ਗੰਭੀਰ ਤੌਰ 'ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਸ਼ਬਦ ਨਾ ਕੇਵਲ ਅਸੰਵੇਦਨਸ਼ੀਲ ਹਨ, ਸਗੋਂ ਇਤਿਹਾਸਕ ਸੰਦਰਭ ਵਿੱਚ ਸਿੱਖਾਂ ਦੀ ਸੂਰਬੀਰਤਾ ਅਤੇ ਸ਼ਹਾਦਤਾਂ ਵਾਲੀ ਵਿਰਾਸਤ ਨੂੰ ਨਕਾਰਨ ਵਾਲੀ ਕਾਂਗਰਸੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਜੋ ਸਿੱਖ ਵਿਰਾਸਤ ਨੂੰ ਬਹੁਤ ਚੰਗੀ ਤਰਾਂ ਜਾਣਦੇ ਸਮਝੇ ਹਨ, ਉਸ ਨੂੰ ਆਪਣੀ ਕਹੀ ਗਲ ’ਤੇ ਸਿੱਖ ਪੰਥ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਭਾਜਪਾ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇਹ ਇਕ ਗੰਭੀਰ ਅਤੇ ਸੰਵੇਦਨਸ਼ੀਲ ਵਿਸ਼ਾ ਹੈ ਜੋ ਸਿੱਖ ਇਤਿਹਾਸ ਅਤੇ ਆਤਮ-ਗੌਰਵ ਨਾਲ ਜੁੜਿਆ ਹੋਇਆ ਹੈ। ਬੇਸ਼ੱਕ ਇਹ ਵਾਕ ਕਿ ’’ਸਿੱਖਾਂ ਦੇ 12 ਵਜੇ’’ ਨੂੰ ਗ਼ਲਤ ਰੰਗਤ ਅਤੇ ਸੰਦਰਭ ਵਿਚ ਪੇਸ਼ ਕੀਤਾ ਜਾਂਦਾ ਰਿਹਾ ਹੈ, ਜਦੋਂ ਕਿ “ਸਿੱਖ ਇਤਿਹਾਸ ਵਿੱਚ ‘12 ਵਜੇ’ ਦੀ ਗੱਲ ਕੋਈ ਮਜ਼ਾਕੀਆ ਜਾਂ ਨਕਾਰਾਤਮਿਕ ਸੰਕੇਤ ਨਹੀਂ, ਸਗੋਂ ਉਹ ਘੜੀ ਹੈ ਜਦੋਂ 18ਵੀ ਸਦੀ ’ਚ ਸਿੱਖ ਜਥੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਉੱਤੇ ਰਾਤ ਦੇ ਹਨੇਰੇ ਵਿਚ ਹਮਲਾ ਕਰਕੇ ਮਾਲ ਅਸਬਾਬ ਅਤੇ ਹਿੰਦੁਸਤਾਨ ਦੀਆਂ ਮਾਸੂਮ ਬਹੂ-ਬੇਟੀਆਂ ਦੀ ਲਾਜ ਬਚਾਉਣ ਲਈ ਆਪਣੀ ਜਾਨਾਂ ਦੀ ਬਾਜ਼ੀ ਲਾਉਂਦੇ ਸਨ। ‘12 ਵਜੇ ਵਾਲੀ ਗੱਲ’ ਸਿੱਖਾਂ ਦੀ ਸੂਰਬੀਰਤਾ, ਬਹਾਦਰੀ ਅਤੇ ਉਨ੍ਹਾਂ ਦੇ ਨੈਤਿਕ ਉੱਚ ਆਦਰਸ਼ਾਂ ਦੀ ਨਿਸ਼ਾਨੀ ਹੈ।”
ਪ੍ਰੋ. ਖਿਆਲਾ ਨੇ ਕਿਹਾ ਕਿ ਕਾਂਗਰਸ ਨੇਤਾ ਵੱਲੋਂ ਵਿਧਾਨ ਸਭਾ ਜਿਹੇ ਪਵਿੱਤਰ ਮੰਚ ਤੋਂ ਐਸੇ ਸ਼ਬਦਾਂ ਦੀ ਵਰਤੋਂ ਕਰਨੀ ਇਹ ਸਾਬਤ ਕਰਦੀ ਹੈ ਕਿ ਉਨ੍ਹਾਂ ਦੀ ਸੋਚ ਅਜੇ ਵੀ ਉਨ੍ਹਾਂ ਅੰਗਰੇਜ਼ੀ ਅਤੇ ਗ਼ੁਲਾਮ ਮਨੋਵ੍ਰਿਤੀ ਨਾਲ ਪ੍ਰੇਰਿਤ ਹੈ, ਜਿਨ੍ਹਾਂ ਨੇ ਸਿੱਖਾਂ ਦੀ ਛਵੀ ਨੂੰ ਲੰਮੇ ਸਮੇਂ ਤੱਕ ਮਜ਼ਾਕ ਦਾ ਵਿਸ਼ਾ ਬਣਾਇਆ।
ਉਨ੍ਹਾਂ ਕਿਹਾ ਕਿ “ਇਹ ਬਿਆਨ ਸਿਰਫ਼ ਇੱਕ ਵਿਅਕਤੀ ਜਾਂ ਪਾਰਟੀ ਦੀ ਗ਼ਲਤੀ ਨਹੀਂ, ਸਗੋਂ ਇਹ ਸਿੱਖ ਕੌਮ ਦੀ ਮਾਨਸਿਕਤਾ ਨਾਲ ਜੁੜੇ ਮਾਮਲੇ ਨੂੰ ਨਜ਼ਰਅੰਦਾਜ਼ ਕਰਨ ਦੀ ਇਕ ਮਹੱਤਵਪੂਰਨ ਕੋਸ਼ਿਸ਼ ਦਿਖਾਈ ਦਿੰਦੀ ਹੈ।”
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮੰਗ ਕੀਤੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਤਤਕਾਲ ਸਿੱਖ ਕੌਮ ਤੋਂ ਮਾਫ਼ੀ ਮੰਗਣ ਅਤੇ ਆਪਣੀ ਟਿੱਪਣੀ ਵਾਪਸ ਲੈਣ। ਇਸ ਤੋਂ ਇਲਾਵਾ, ਕਾਂਗਰਸ ਪਾਰਟੀ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਮਸਲਿਆਂ ਤੇ ਸਾਵਧਾਨੀ ਅਤੇ ਸੰਵੇਦਨਸ਼ੀਲਤਾ ਦਿਖਾਵੇ, ਨਾ ਕਿ ਮਜ਼ਾਕ ਜਾਂ ਤਿੱਖੇ ਸੰਕੇਤਾਂ ਰਾਹੀਂ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਅਪਮਾਨ ਕਰੇ।