Tuesday, September 16, 2025

Chandigarh

ਅਬੋਹਰ ਪੁਲਿਸ ਮੁਕਾਬਲਾ: 'ਆਪ' ਸਰਕਾਰ ਤੇ ਪੁਲਿਸ ਦੀ ਕਹਾਣੀ ਸ਼ੱਕ ਦੇ ਘੇਰੇ 'ਚ, ਝੂਠ ਦਾ ਪਹਾੜ ਖੜਾ ਕਰਨ ਦੀ ਕੋਸ਼ਿਸ਼ : ਬ੍ਰਹਮਪੁਰਾ

July 11, 2025 07:28 PM
ਅਮਰਜੀਤ ਰਤਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅਬੋਹਰ ਵਿਖੇ ਦੋ ਨੌਜਵਾਨਾਂ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਨੂੰ ਇੱਕ "ਸੋਚੀ-ਸਮਝੀ ਸਾਜ਼ਿਸ਼" ਅਤੇ "ਝੂਠਾ ਪੁਲਿਸ ਮੁਕਾਬਲਾ" ਕਰਾਰ ਦਿੰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਦੇ ਮੰਤਰੀਆਂ ਵੱਲੋਂ ਪੁਲਿਸ ਦੀ ਪਿੱਠ ਥਾਪੜਨ ਦੀ ਕਾਹਲੀ ਨੇ ਪੂਰੇ ਮਾਮਲੇ ਨੂੰ ਹੋਰ ਵੀ ਸ਼ੱਕੀ ਬਣਾ ਦਿੱਤਾ ਹੈ।

ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਪੁਲਿਸ ਵੱਲੋਂ ਦਰਜ ਕੀਤੀ ਗਈ ਨਵੀਂ ਐਫ.ਆਈ.ਆਰ. ਆਪਣੇ ਆਪ ਵਿੱਚ ਇੱਕ ਮਜ਼ਾਕ ਬਣ ਕੇ ਰਹਿ ਗਈ ਹੈ। "ਇਹ ਕਿੰਨੀ ਹਾਸੋਹੀਣੀ ਅਤੇ ਬੇਤੁਕੀ ਕਹਾਣੀ ਹੈ ਕਿ ਪੁਲਿਸ ਦੀ ਹਿਰਾਸਤ ਵਿੱਚ ਲਏ ਦੋ ਨੌਜਵਾਨਾਂ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲਿਜਾਇਆ ਜਾਂਦਾ ਹੈ, ਅਤੇ ਉੱਥੇ ਉਨ੍ਹਾਂ ਦੇ ਹੀ ਸਾਥੀ ਉਨ੍ਹਾਂ 'ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮਾਰ ਦਿੰਦੇ ਹਨ ਅਤੇ ਸੰਘਣੀਆਂ ਝਾੜੀਆਂ ਦਾ ਫ਼ਾਇਦਾ ਚੁੱਕ ਕੇ ਫ਼ਰਾਰ ਵੀ ਹੋ ਜਾਂਦੇ ਹਨ। ਜਦਕਿ ਦਰਜਨਾਂ ਪੁਲਿਸ ਮੁਲਾਜ਼ਮ ਉੱਥੇ ਮੌਜੂਦ ਸਨ।"

ਸ੍ਰ. ਬ੍ਰਹਮਪੁਰਾ ਨੇ 'ਆਪ' ਸਰਕਾਰ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ, "ਇਸ ਤੋਂ ਵੱਧ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਘਟਨਾ ਦੀ ਸੱਚਾਈ ਸਾਹਮਣੇ ਆਉਣ ਤੋਂ ਪਹਿਲਾਂ ਹੀ 'ਆਪ' ਦੇ ਮੰਤਰੀ ਅਮਨ ਅਰੋੜਾ ਅਤੇ ਲਾਲਜੀਤ ਸਿੰਘ ਭੁੱਲਰ ਸੋਸ਼ਲ ਮੀਡੀਆ 'ਤੇ ਇਸ ਨੂੰ ਪੁਲਿਸ ਦੀ ਬਹਾਦਰੀ ਦੱਸ ਕੇ ਵਾਹ-ਵਾਹੀ ਖੱਟਣ ਲੱਗ ਪਏ। ਇੱਥੋਂ ਤੱਕ ਕਿ ਵਿਧਾਨ ਸਭਾ ਦੇ ਸਪੀਕਰ, ਜਿਨ੍ਹਾਂ ਦਾ ਅਹੁਦਾ ਨਿਰਪੱਖਤਾ ਦੀ ਮੰਗ ਕਰਦਾ ਹੈ, ਨੇ ਵੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਇਸ 'ਕਾਰਨਾਮੇ' ਲਈ ਪੁਲਿਸ ਦੀ ਤਾਰੀਫ਼ ਕਰ ਦਿੱਤੀ। ਇਹ ਸਾਬਤ ਕਰਦਾ ਹੈ ਕਿ ਇਹ ਸਰਕਾਰ ਅਤੇ ਇਸਦੇ ਨੁਮਾਇੰਦੇ ਸੰਵਿਧਾਨਕ ਮਰਿਆਦਾ ਨੂੰ ਤਾਕ 'ਤੇ ਰੱਖ ਕੇ ਸਿਰਫ਼ ਸਿਆਸੀ ਲਾਹਾ ਲੈਣ ਲਈ ਕੰਮ ਕਰ ਰਹੇ ਹਨ।

ਉਨ੍ਹਾਂ ਅੱਗੇ ਕਿਹਾ, "ਪੰਜਾਬ ਨੇ ਪਹਿਲਾਂ ਵੀ ਝੂਠੇ ਪੁਲਿਸ ਮੁਕਾਬਲਿਆਂ ਦਾ ਕਾਲਾ ਦੌਰ ਦੇਖਿਆ ਹੈ ਅਤੇ ਬੜੀ ਮੁਸ਼ਕਲ ਨਾਲ ਉਸ ਖ਼ੂਨੀ ਦੌਰ 'ਚੋਂ ਬਾਹਰ ਨਿਕਲਿਆ ਹੈ। ਪਰ 'ਆਪ' ਸਰਕਾਰ ਆਪਣੀ ਨਾਕਾਮੀ, ਖਾਸ ਕਰਕੇ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਛੁਪਾਉਣ ਅਤੇ ਸਸਤੀ ਸ਼ੋਹਰਤ ਲਈ ਪੰਜਾਬ ਨੂੰ ਮੁੜ ਉਸੇ ਅੱਗ ਵਿੱਚ ਧੱਕ ਰਹੀ ਹੈ। ਪਿਛਲੇ 7 ਮਹੀਨਿਆਂ ਵਿੱਚ 19 ਤੋਂ ਵੱਧ ਅਜਿਹੇ ਸ਼ੱਕੀ ਮੁਕਾਬਲੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਸਭ ਇੱਕ ਸੋਚੀ-ਸਮਝੀ ਨੀਤੀ ਤਹਿਤ ਹੋ ਰਿਹਾ ਹੈ।

ਸ੍ਰ. ਬ੍ਰਹਮਪੁਰਾ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਪਾਸੇ ਪਰਿਵਾਰ ਦਾਅਵਾ ਕਰ ਰਿਹਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਘਰੋਂ ਚੁੱਕ ਕੇ ਮਾਰਿਆ ਗਿਆ ਅਤੇ ਦੂਜੇ ਪਾਸੇ ਪੁਲਿਸ ਰੋਜ਼ ਨਵੀਆਂ ਕਹਾਣੀਆਂ ਘੜ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਗੈਂਗਸਟਰ ਅਤੇ ਸਾਜ਼ਿਸ਼ਕਰਤਾ ਤਾਂ ਜੇਲ੍ਹਾਂ ਵਿੱਚ ਬੈਠ ਕੇ ਕਾਰੋਬਾਰ ਚਲਾ ਰਹੇ ਹਨ ਅਤੇ ਸਰਕਾਰ ਛੋਟੇ-ਮੋਟੇ ਮੋਹਰਿਆਂ ਨੂੰ ਮਾਰ ਕੇ ਆਪਣੀ ਪਿੱਠ ਥਾਪੜ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਅਸੀਂ ਇਸ "ਜੰਗਲ ਰਾਜ" ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਮੰਗ ਕਰਦੇ ਹਾਂ ਕਿ ਇਸ ਪੂਰੇ ਮਾਮਲੇ ਦੀ ਮਾਨਯੋਗ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਨਿਰਪੱਖ ਨਿਆਂਇਕ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਸਿਆਸੀ ਆਗੂਆਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ। ਪੰਜਾਬ ਦੇ ਲੋਕਾਂ ਦੇ ਹਿੱਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਹਰ ਪੱਧਰ 'ਤੇ ਸੰਘਰਸ਼ ਕਰੇਗਾ।

Have something to say? Post your comment

 

More in Chandigarh

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੋਕਾਂ ਦੀ ਤੰਦਰੁਸਤ ਸਿਹਤ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਵਚਨਬੱਧ

ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸਰਕਾਰ ਨੇ ਜ਼ਮੀਨੀ ਪੱਧਰ ਉਤੇ ਕੋਸ਼ਿਸ਼ਾਂ ਤੇਜ਼ ਕੀਤੀਆਂ

ਮੁੱਖ ਮੰਤਰੀ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਨਿਗਰਾਨ ਕਮੇਟੀਆਂ ਦੇ ਗਠਨ ਦਾ ਐਲਾਨ

ਗੰਨੇ ਦੀ ਬਕਾਇਆ ਰਾਸ਼ੀ ਜਲਦੀ ਜਾਰੀ ਕੀਤੀ ਜਾਵੇਗੀ: ਹਰਪਾਲ ਸਿੰਘ ਚੀਮਾ

'ਵਨ ਹੈਲਥ' ਪਹੁੰਚ: ਐਂਟੀਬਾਇਓਟਿਕਸ ਦੀ ਲੋੜੋਂ ਵੱਧ ਵਰਤੋਂ ਨੂੰ ਰੋਕਣ ਲਈ, ਪੰਜਾਬ ਵਿੱਚ ਐਂਟੀਮਾਈਕ੍ਰੋਬਾਇਲ ਰਸਿਸਟੈਂਸ ਕਾਰਜ ਯੋਜਨਾ ਲਾਂਚ

'ਯੁੱਧ ਨਸ਼ਿਆਂ ਵਿਰੁੱਧ’ ਦੇ 198ਵੇਂ ਦਿਨ ਪੰਜਾਬ ਪੁਲਿਸ ਵੱਲੋਂ 293 ਥਾਵਾਂ 'ਤੇ ਛਾਪੇਮਾਰੀ; 74 ਨਸ਼ਾ ਤਸਕਰ ਕਾਬੂ

ਸਿਹਤ ਮੰਤਰੀ ਵੱਲੋਂ ਹੜ੍ਹਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿਰੁੱਧ ਲੜਾਈ ਲਈ ਸਾਰੇ ਸਰੋਤ ਜੁਟਾਉਣ ਦੇ ਹੁਕਮ ਜਾਰੀ

ਮੋਦੀ ਸਰਕਾਰ ਨੇ ਪਾਕਿਸਤਾਨ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਦੀ ਇਜਾਜ਼ਤ ਨਾ ਦੇ ਕੇ ਸਿੱਖਾਂ ਦੀ ਮਾਨਸਿਕਤਾ ਨੂੰ ਡੂੰਘੀ ਠੇਸ ਪਹੁੰਚਾਈ : ਮੁੱਖ ਮੰਤਰੀ

ਪੰਜਾਬ ਵੱਲੋਂ ਟੈਕਸ ਚੋਰੀ ਵਿਰੁੱਧ ਸਖ਼ਤ ਕਾਰਵਾਈ, 385 ਕਰੋੜ ਰੁਪਏ ਦਾ ਜਾਅਲੀ ਬਿਲਿੰਗ ਘੁਟਾਲਾ ਬੇਪਰਦ: ਹਰਪਾਲ ਸਿੰਘ ਚੀਮਾ