ਸੁਨਾਮ : ਬਰਸਾਤਾਂ ਦੇ ਦਿਨਾਂ ਦੌਰਾਨ ਬਿਮਾਰੀਆਂ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਪਿੰਡ ਲਖਮੀਰਵਾਲਾ, ਭਰੂਰ ਅਤੇ ਚੱਠੇ ਨਕਟੇ ਵਿਖੇ ਲੋਕਾਂ ਨੂੰ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਸਿਵਲ ਸਰਜਨ ਸੰਗਰੂਰ ਡਾਕਟਰ ਸੰਜੇ ਕਾਮਰਾ, ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਗਗਨ ਖੀਪਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁੱਕਰਵਾਰ ਨੂੰ ਡਰਾਈ ਡੇਅ ਮੌਕੇ ਸਬ-ਸੈਂਟਰ ਲਖਮੀਰਵਾਲਾ ਅਤੇ ਨਾਲ ਲੱਗਦੇ ਪਿੰਡਾ ਵਿੱਚ ਜਾਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਦੌਰਾਨ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਆਪਣੇ ਕੂਲਰਾਂ, ਗਮਲਿਆਂ ਅਤੇ ਫਰਿੱਜਾਂ ਦੀ ਸਫ਼ਾਈ ਨਿਯਮਤ ਤੌਰ ਤੇ ਕਰਨੀ ਚਾਹੀਦੀ ਹੈ। ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ, ਜਸਵੀਰ ਕੌਰ ਅਤੇ ਸੀ ਐਚ ਓ ਜਸਵੀਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ ਇਸ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਘਰ ਘਰ ਜਾਕੇ ਜਾਗਰੂਕ ਕਰਦੀਆਂ ਹਨ। ਉਨ੍ਹਾਂ ਆਖਿਆ ਕਿ ਡੇਂਗੂ ਫੈਲਣ ਤੋਂ ਰੋਕਣ ਲਈ ਆਪਣੇ ਆਲ਼ੇ ਦੁਆਲ਼ੇ ਦੀ ਸਾਫ਼ ਸਫਾਈ ਬੇਹੱਦ ਜ਼ਰੂਰੀ ਹੈ ਅਜਿਹਾ ਕਰਨ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਆਸ਼ਾ ਵਰਕਰ ਹਰਮੇਲ ਕੌਰ, ਕਰਮਜੀਤ ਕੌਰ, ਪੂਜਾ ਰਾਣੀ ਸਮੇਤ ਹੋਰ ਮੈਂਬਰ ਹਾਜ਼ਰ ਸਨ।