ਗੁਰੂਗ੍ਰਾਮ : ਗੁਰੂਗ੍ਰਾਮ ਦੇ ਸੈਕਟਰ-57 ਇਲਾਕੇ ਤੋਂ ਵੀਰਵਾਰ ਨੂੰ ਸੂਬਾ ਪੱਧਰੀ ਟੈਨਿਸ ਖਿਡਾਰਣ ਰਾਧਿਕਾ ਦੀ ਉਸ ਦੇ ਆਪਣੇ ਪਿਤਾ ਦੀਪਕ ਯਾਦਵ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸਵੇਰੇ 10:30 ਵਜੇ ਦੇ ਕਰੀਬ ਵਾਪਰੀ ਜਦੋਂ ਰਾਧਿਕਾ ਆਪਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਰਸੋਈ ਵਿੱਚ ਕੰਮ ਕਰ ਰਹੀ ਸੀ। ਐਫਆਈਆਰ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ ਦੋਸ਼ੀ ਦੀਪਕ ਯਾਦਵ ਨੇ ਖੁਦ ਗੁਰੂਗ੍ਰਾਮ ਪੁਲਿਸ ਦੇ ਸਾਹਮਣੇ ਅਪਰਾਧ ਕਬੂਲ ਕੀਤਾ ਅਤੇ ਕਿਹਾ ਕਿ ਪਿੰਡ ਦੇ ਲੋਕ ਉਸ ਦੀ ਧੀ ਦੀ ਕਮਾਈ ‘ਤੇ ਉਸ ਨੂੰ ਮਿਹਣੇ ਮਾਰਦੇ ਸਨ। ਜਿਸ ਨੇ ਕਈ ਵਾਰ ਰਾਸ਼ਟਰੀ ਪੱਧਰ ‘ਤੇ ਟਰਾਫੀਆਂ ਜਿੱਤੀਆਂ ਸਨ। ਪਰ ਮੋਢੇ ਦੀ ਸੱਟ ਲੱਗਣ ਤੋਂ ਬਾਅਦ ਉਹ ਖੇਡ ਤੋਂ ਦੂਰ ਹੋ ਗਈ ਸੀ ਅਤੇ ਆਪਣੀ ਟੈਨਿਸ ਅਕੈਡਮੀ ਖੋਲ੍ਹ ਲਈ ਸੀ। ਦੀਪਕ ਯਾਦਵ ਨਾ ਸਿਰਫ਼ ਅਕੈਡਮੀ ਤੋਂ ਸਗੋਂ ਰਾਧਿਕਾ ਦੀ ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਦੀ ਆਦਤ ਤੋਂ ਵੀ ਨਾਰਾਜ਼ ਸੀ। ਉਸ ਨੂੰ ਲੱਗਦਾ ਸੀ ਕਿ ਇਹ ਸਭ ਉਸ ਦੇ ਪਰਿਵਾਰ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਜਦੋਂ ਉਸ ਨੇ ਰਾਧਿਕਾ ਨੂੰ ਅਕੈਡਮੀ ਬੰਦ ਕਰਨ ਲਈ ਕਿਹਾ ਤਾਂ ਉਸਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੀਪਕ ਲਗਾਤਾਰ ਮਾਨਸਿਕ ਤਣਾਅ ਵਿੱਚ ਸੀ। ਐਫਆਈਆਰ ਵਿੱਚ ਉਸ ਨੇ ਕਿਹਾ ਕਿ ਜਦੋਂ ਉਹ ਦੁੱਧ ਲੈਣ ਲਈ ਪਿੰਡ ਵਜ਼ੀਰਬਾਦ ਜਾਂਦਾ ਸੀ ਤਾਂ ਲੋਕ ਰਾਧਿਕਾ ਨੂੰ ਉਸ ਦੀ ਸੋਸ਼ਲ ਮੀਡੀਆ ਮੌਜੂਦਗੀ ਅਤੇ ਅਕੈਡਮੀ ਬਾਰੇ ਮਿਹਣੇ ਮਾਰਦੇ ਸਨ ਜਿਸ ਕਾਰਨ ਉਹ ਗੁੱਸੇ ਵਿੱਚ ਸੀ।