ਠੇਕੇਦਾਰ ਨੂੰ ਨਾਲੇ ਦੀ ਸਫਾਈ ਤੁਰੰਤ ਕਰਾਉਣ ਦੀ ਹਦਾਇਤ
ਸੁਨਾਮ : ਸੁਨਾਮ ਸ਼ਹਿਰ ਦੇ ਇੰਦਰਾ ਬਸਤੀ ਵਜੋਂ ਜਾਣੇ ਜਾਂਦੇ ਇਲਾਕੇ ਅੰਦਰ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਬਰਸਾਤੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਵੀਰਵਾਰ ਨੂੰ ਸੁਨਾਮ ਦੇ ਐਸਡੀਐਮ ਪ੍ਰਮੋਦ ਸਿੰਗਲਾ ਨੇ ਖੁਦ ਮੌਕੇ ਤੇ ਪੁੱਜਕੇ ਜਾਇਜ਼ਾ ਲਿਆ ਅਤੇ ਨਾਲਿਆਂ ਦੀ ਮੰਦੀ ਹਾਲਤ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਸਫ਼ਾਈ ਕਰਨ ਦੇ ਆਦੇਸ਼ ਦਿੱਤੇ। ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵੱਲੋਂ ਲੰਘੇ ਕੱਲ ਬਣ ਰਹੇ ਨਵੇਂ ਅੰਡਰ ਬ੍ਰਿਜ ਦੇ ਨੇੜੇ ਪਟਿਆਲਾ ਰੋਡ ਦੇ ਫਾਟਕਾਂ ਕੋਲ ਸਫਾਈ ਦੇ ਪ੍ਰਬੰਧਾਂ ਲਈ ਨਿਰਦੇਸ਼ ਦਿੱਤੇ ਗਏ ਸਨ ਜਿੱਥੇ ਅੱਜ ਨਗਰ ਕੌਂਸਲ ਦੇ ਕਰਮਚਾਰੀ ਮੌਕੇ ਤੇ ਸਫਾਈ ਕਰ ਰਹੇ ਸੀ। ਐਸਡੀਐਮ ਪ੍ਰਮੋਦ ਸਿੰਗਲਾ ਨੇ ਰੇਲਵੇ ਅੰਡਰ ਬਰਿੱਜ ਦੇ ਕੰਮ ਵਿੱਚ ਲੱਗੇ ਸਬੰਧਿਤ ਵਿਅਕਤੀਆਂ ਨੂੰ ਆਦੇਸ਼ ਦਿੱਤੇ ਕਿ ਨਾਲੇ ਦੇ ਵਿੱਚ ਡਿੱਗਿਆ ਮਲਬਾ ਤੁਰੰਤ ਬਾਹਰ ਕਢਵਾਇਆ ਜਾਵੇ ਤਾਂ ਜੋ ਜ਼ਿਆਦਾ ਬਾਰਿਸ਼ ਹੋਣ ਕਾਰਨ ਪਾਣੀ ਨਿਕਾਸੀ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਦੱਸ ਦੇਈਏ ਰੇਲਵੇ ਅੰਡਰ ਬਰਿੱਜ ਦੇ ਨਾਲ ਬਣਾਏ ਨਿਕਾਸੀ ਨਾਲੇ ਦੀ ਸਫ਼ਾਈ ਨਹੀਂ ਕਰਵਾਈ ਗਈ, ਇਸੇ ਤਰ੍ਹਾਂ ਸਲੈਬਾਂ ਰੱਖ ਦਿੱਤੀਆਂ ਗਈਆਂ ਹਨ। ਉਨ੍ਹਾਂ ਵੱਲੋਂ ਸ਼੍ਰੀ ਰਾਮ ਆਸ਼ਰਮ ਮੰਦਿਰ ਦੇ ਨੇੜੇ ਜਾਕੇ ਵੀ ਮੌਕਾ ਦੇਖਿਆ ਅਤੇ ਦੁਕਾਨਦਾਰਾਂ ਦੀਆਂ ਸਮੱਸਿਆ ਸੁਣੀਆਂ। ਉਨ੍ਹਾਂ ਲੋਕਾਂ ਨੂੰ ਕੂੜਾ ਨਾਲਿਆਂ ਵਿੱਚ ਸੁੱਟਣ ਤੋਂ ਵੀ ਵਰਜਿਆ। ਐਸਡੀਐਮ ਪ੍ਰਮੋਦ ਸਿੰਗਲਾ ਨੇ ਰੋਜ਼ ਗਾਰਡਨ ਦੇ ਨੇੜੇ ਪਾਣੀ ਨਿਕਾਸੀ ਦੀ ਆ ਰਹੀ ਸਮੱਸਿਆ ਦਾ ਜਾਇਜ਼ਾ ਲਿਆ। ਐਸਡੀਐਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਕਿਸੇ ਵੀ ਸ਼ਹਿਰੀ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।