ਸੁਨਾਮ : ਸਿਵਲ ਸਰਜਨ ਡਾਕਟਰ ਸੰਜੇ ਕਮਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਰਜਕਾਰੀ ਐਸ.ਐਮ.ਓ. ਡਾਕਟਰ ਗਗਨ ਖੀਪਲਾ ਦੀ ਅਗਵਾਈ ਹੇਠ, ਬਲਾਕ ਕੌਹਰੀਆਂ ਦੇ ਸਬ-ਸੈਂਟਰ ਫਤਿਹਗੜ੍ਹ ਵੱਲੋਂ ਵੀਰਵਾਰ ਨੂੰ ਵਿਆਪਕ ਡੇਂਗੂ ਜਾਗਰੂਕਤਾ ਅਤੇ "ਬਰੀਡ ਚੈੱਕ" ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਬਾਰੇ ਜਾਗਰੂਕ ਕਰਨਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਕਰਮਚਾਰੀ ਅਵਤਾਰ ਸਿੰਘ ਗੰਢੂਆਂ ਨੇ ਦੱਸਿਆ ਕਿ ਉਕਤ ਮੁਹਿੰਮ ਤਹਿਤ ਪਿੰਡ ਦੇ ਘਰਾਂ ਵਿੱਚ ਜਾਕੇ ਕਬਾੜ ਦੀ ਜਾਂਚ ਕੀਤੀ ਗਈ, ਜਿੱਥੇ ਡੇਂਗੂ ਪੈਦਾ ਕਰਨ ਵਾਲੇ ਮੱਛਰਾਂ ਦਾ ਲਾਰਵਾ ਪੈਦਾ ਹੋ ਸਕਦਾ ਹੈ। ਸਕੂਲਾਂ ਅਤੇ ਕੇ.ਟੀ.ਸੀ. ਕਾਲਜ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਡੇਂਗੂ ਦੇ ਕਾਰਨਾਂ, ਲੱਛਣਾਂ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਸਿਹਤ ਕਰਮਚਾਰੀ ਅਵਤਾਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਕਿਵੇਂ ਘਰਾਂ ਦੇ ਆਲੇ-ਦੁਆਲੇ ਪਾਣੀ ਜਮ੍ਹਾਂ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਸਾਫ-ਸਫਾਈ ਰੱਖ ਕੇ ਡੇਂਗੂ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਇਸ ਮੌਕੇ 'ਤੇ ਸਿਹਤ ਕਰਮਚਾਰੀ ਹਰਪ੍ਰੀਤ ਕੌਰ ਅਤੇ ਬਰੀਡ ਚੈਕਰ ਟੀਮ ਦੇ ਮੈਂਬਰ ਵੀ ਹਾਜ਼ਰ ਸਨ। ਕੇ.ਸੀ. ਟੀ .ਕਾਲਜ ਤੋਂ ਚੇਅਰਮੈਨ ਮੌਂਟੀ ਗਰਗ ਅਤੇ ਸਟਾਫ ਮੈਂਬਰਾਂ ਨੇ ਵੀ ਇਸ ਜਾਗਰੂਕਤਾ ਮੁਹਿੰਮ ਵਿੱਚ ਭਰਪੂਰ ਸਹਿਯੋਗ ਦਿੱਤਾ। ਉਨ੍ਹਾਂ ਆਖਿਆ ਕਿ ਇਹ ਮੁਹਿੰਮ ਡੇਂਗੂ ਦੀ ਰੋਕਥਾਮ ਲਈ ਸਮਾਜਿਕ ਭਾਗੀਦਾਰੀ ਅਤੇ ਜਾਗਰੂਕਤਾ ਦੀ ਮਹੱਤਤਾ ਨੂੰ ਦਰਸਾਉਂਦੀ ਹੈ।