ਕੁਰਾਲੀ : ਸਥਾਨਕ ਸ਼ਹਿਰ ਦੀ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਰਾਲੀ ਸ਼ਹਿਰ ਦੇ ਹਰ ਕੋਨੇ ਦੀ ਤਰੱਕੀ ਲਈ ਨਗਰ ਕੌਂਸਲ ਵੱਲੋਂ ਲਗਭਗ 15.5 ਕਰੋੜ ਰੁਪਏ ਦੇ ਵਿਕਾਸੀ ਟੈਂਡਰ ਪਾਸ ਕਰਵਾ ਲਏ ਗਏ ਹਨ ਜਿਨ੍ਹਾਂ 'ਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਕੰਮ ਸ਼ੁਰੂ ਕਰ ਦਿੱਤੇ ਜਾਣਗੇ। ਪ੍ਰਧਾਨ ਜੀਤੀ ਪਡਿਆਲਾ ਨੇ ਦੱਸਿਆ ਕਿ ਇਹ ਟੈਂਡਰ ਕੁਝ ਅਹਿਮ ਅਤੇ ਲੋੜੀਂਦੇ ਕੰਮਾਂ ਲਈ ਪਾਸ ਹੋਏ ਹਨ ਜਿਨ੍ਹਾਂ ਵਿੱਚ ਸ਼ਹਿਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਵੇਂ ਸੀ.ਸੀ.ਟੀ.ਵੀ. ਕੈਮਰੇ ਵਾਰਡ ਨੰਬਰ 8 ਵਿੱਚ ਨਵਾਂ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਪੁਰਾਣੀ ਅਨਾਜ ਮੰਡੀ ਵਿੱਚ ਇੰਟਰਲਾਕਿੰਗ ਟਾਇਲਾਂ ਅਤੇ ਪਾਇਪਾਂ ਲਈ ਨਿਹੋਲਕਾ ਰੋਡ 'ਤੇ ਸਥਿੱਤ ਸ਼ਮਸ਼ਾਨ ਘਾਟ ਵਿੱਚ ਸ਼ੈੱਡ ਦੀ ਵਾਧੂ ਉਸਾਰੀ ਲਈ ਵਾਰਡ ਨੰਬਰ 16 ਵਿੱਚ ਸਥਿੱਤ ਧਰਮਸ਼ਾਲਾ ਦੀ ਮੁਰੰਮਤ ਤੋਂ ਇਲਾਵਾ ਹੋਰ ਵੀ ਕਈ ਛੋਟੇ ਵੱਡੇ ਟੈਂਡਰ ਸ਼ਹਿਰ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਪਾਸ ਕੀਤੇ ਗਏ ਹਨ। ਜੀਤੀ ਪਡਿਆਲਾ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਇਹ ਸਾਰੇ ਕੰਮ ਨਗਰ ਕੌਂਸਲ ਦੇ ਆਪਣੇ ਮਿਊਂਸਪਲ ਫੰਡਾਂ ਵਿੱਚੋਂ ਹੀ ਪਾਸ ਕੀਤੇ ਗਏ ਹਨ ਇਸ ਸਬੰਧੀ ਸਰਕਾਰ ਵੱਲੋਂ ਕੋਈ ਫੰਡ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਮੌਜੂਦਾ ਵਿਧਾਇਕ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸਿਰਫ ਸ਼ਹਿਰ ਵਿੱਚ ਮਿਉਂਸਪਲ ਫੰਡ ਨਾਲ ਹੋਏ ਵਿਕਾਸ ਕਾਰਜਾਂ ਦੇ ਹੀ ਉਦਘਾਟਨ ਕਰਕੇ ਵਾਹ ਵਾਹ ਖੱਟ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਵਿਕਾਸ ਦੀ ਰਾਜਨੀਤੀ 'ਚ ਵਿਸ਼ਵਾਸ ਕਰਦੇ ਹਾਂ ਅਤੇ ਲੋਕਾਂ ਦੀ ਭਲਾਈ ਸੁਵਿਧਾਵਾਂ ਅਤੇ ਸ਼ਹਿਰ ਦੀ ਤਰੱਕੀ ਲਈ ਹਰ ਹਾਲਤ ਵਿੱਚ ਲੜਦੇ ਰਹਾਂਗੇ। ਇਸ ਮੌਕੇ ਉਨਾਂ ਨਾਲ ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਰਮਾਕਾਂਤ ਕਾਲੀਆ, ਲਖਵੀਰ ਰਾਣਾ ਲੱਕੀ, ਜੀਤਾ ਤੋਂ ਇਲਾਵਾ ਹੈਪੀ ਧੀਮਾਨ, ਦਿਨੇਸ਼ ਗੌਤਮ, ਦੀਪਕ ਗੌਤਮ ਜੱਗੀ, ਸੰਜੂ ਰਾਣਾ ਅਤੇ ਪਰਮਜੀਤ ਸਿੰਘ ਪੰਮੀ ਵੀ ਹਾਜ਼ਰ ਸਨ।