ਬਿਕਰਮ ਮਜੀਠੀਆ ਦੀ ਪੇਸ਼ੀ ਮੌਕੇ ਜਾ ਰਹੇ ਸਨ ਚੰਡੀਗੜ੍ਹ
ਮਾਨ ਸਰਕਾਰ ਲੋਕਤੰਤਰ ਦਾ ਕਰ ਰਹੀ ਹੈ ਘਾਣ : ਗੋਲਡੀ
ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੂੰ ਸੁਨਾਮ ਥਾਣੇ ਦੀ ਪੁਲਿਸ ਨੇ ਐਤਵਾਰ ਸਵੇਰੇ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੇ ਸਬੰਧ ਵਿੱਚ ਚੰਡੀਗੜ੍ਹ ਜਾਂਦਿਆਂ ਇੱਕ ਪੈਟਰੌਲ ਪੰਪ ਤੇ ਹੀ ਨਜ਼ਰਬੰਦ ਕਰ ਦਿੱਤਾ। ਉਹ ਗੱਡੀ ਵਿੱਚ ਤੇਲ ਪਵਾਉਣ ਲਈ ਪੈਟਰੌਲ ਪੰਪ ਤੇ ਰੁਕੇ ਸਨ। ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਤੋਂ ਇਲਾਵਾ ਪੀਸੀਆਰ ਟੀਮ ਦੇ ਇੰਚਾਰਜ਼ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਅਤੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ 70 ਸਾਲਾਂ ਵਿੱਚ ਅਜਿਹਾ ਕਾਲਾ ਦੌਰ ਕਦੇ ਨਹੀਂ ਦੇਖਿਆ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੇ ਪੰਜਾਹ ਸਾਲ ਪਹਿਲਾਂ ਮੁਲਕ ਅੰਦਰ ਐਮਰਜੈਂਸੀ ਲਾਕੇ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ। ਉਨ੍ਹਾਂ ਆਖਿਆ ਕਿ ਕਿਸੇ ਨੂੰ ਧੱਕੇ ਨਾਲ ਨਹੀਂ ਦਬਾਇਆ ਜਾ ਸਕਦਾ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਤੰਜ ਕਸਦਿਆਂ ਵਿਨਰਜੀਤ ਸਿੰਘ ਗੋਲਡੀ ਨੇ ਆਖਿਆ ਕਿ ਅੱਜ ਪੰਜਾਬ ਦੇ ਕਈ ਮੁੱਖ ਮੰਤਰੀ ਹਨ ਭਗਵੰਤ ਮਾਨ ਸਿਰਫ਼ ਕਾਗਜ਼ੀ, ਕੇਜਰੀਵਾਲ ਪਰਦੇ ਦੇ ਪਿੱਛੇ ਅਉ ਸਿਸੋਦੀਆ ਐਕਟਿੰਗ ਤੇ ਅਮਨ ਅਰੋੜਾ ਖੁਆਬਾਂ ਵਾਲਾ ਮੁੱਖ ਮੰਤਰੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਤਾਂ ਇਹ ਝੱਲ ਲੈਣਗੇ ਪ੍ਰੰਤੂ ਜਦੋਂ ਸਮਾਂ ਬਦਲਿਆ ਤਾਂ ਆਮ ਆਦਮੀ ਪਾਰਟੀ ਦੇ ਇੰਨਾਂ ਲੀਡਰਾਂ ਤੋਂ ਇੱਕ ਝਟਕਾ ਨਹੀਂ ਸਹਿ ਹੋਣਾ। ਨੌਜਵਾਨ ਅਕਾਲੀ ਆਗੂ ਨੇ ਕਿਹਾ ਕਿ ਸੂਬੇ ਦੀ ਸਰਕਾਰ ਆਪਣੇ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੋਝੇ ਹਥਕੰਡੇ ਵਰਤ ਰਹੀ ਹੈ। ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਕੋਈ ਸਬੂਤ ਨਹੀਂ ਮਿਲਣਗੇ, ਸਰਕਾਰ ਨੇ ਬਦਲਾਖੋਰੀ ਤਹਿਤ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ।