ਮੋਹਾਲੀ : ਟੀਡੀਆਈ ਸੈਕਟਰ 74 ਦੇ ਵਸਨੀਕਾਂ ਵੱਲੋਂ ਇਲਾਕੇ ਦੀ ਬਦਹਾਲ ਹਾਲਤ ਬਾਰੇ ਸ਼ਿਕਾਇਤ ਕਰਨ ’ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਖੁਦ ਮੌਕੇ ’ਤੇ ਦੌਰਾ ਕੀਤਾ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਇਲਾਕੇ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ, ਸਟ੍ਰੀਟ ਲਾਈਟਾਂ ਬੰਦ ਪਈਆਂ ਹਨ, ਗ੍ਰੀਨ ਬੈਲਟਾਂ ਦੀ ਸੰਭਾਲ ਨਹੀਂ ਹੋ ਰਹੀ ਅਤੇ ਬਾਊਂਡਰੀਵਾਲ ਤੇ ਗੇਟ ਲੱਗਣੇ ਬਾਕੀ ਹਨ। ਉਨ੍ਹਾਂ ਨੇ ਦੌਰੇ ਦੌਰਾਨ ਕਿਹਾ, “ਜਿਹੜੇ ਲੋਕ ਆਪਣੀ ਜ਼ਿੰਦਗੀ ਦਾ ਸਾਰਾ ਸਰਮਾਇਆ ਇਥੇ ਲਗਾ ਕੇ ਵਸੇ ਹਨ, ਉਹ ਅੱਤ ਮੁਸ਼ਕਲਾਂ ਵਿਚੋਂ ਲੰਘ ਰਹੇ ਹਨ। ਪੌਸ਼ ਏਰੀਆ ਦੇ ਨਾਂ ’ਤੇ ਉਹਨਾਂ ਨਾਲ ਠੱਗੀ ਹੋਈ ਮਹਿਸੂਸ ਹੋ ਰਹੀ ਹੈ।”
ਡਿਪਟੀ ਮੇਅਰ ਨੇ ਤੁਰੰਤ ਟੀਡੀਆਈ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਕੇ ਸਾਰੀਆਂ ਖਾਮੀਆਂ ਦੂਰ ਕਰਨ ਲਾਈ ਕਿਹਾ। ਟੀਡੀਆਈ ਅਧਿਕਾਰੀਆਂ ਨੇ ਵਸਨੀਕਾਂ ਸਾਹਮਣੇ ਇਹ ਭਰੋਸਾ ਦਿੱਤਾ ਕਿ ਬਰਸਾਤ ਮੁਕੰਮਲ ਹੋਣ ਦੇ ਤੁਰੰਤ ਬਾਅਦ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਜਾਏਗੀ ਜਦੋਂ ਕਿ ਸਟ੍ਰੀਟ ਲਾਈਟਾਂ ਚਾਲੂ ਕਰਨ, ਗਰੇਨ ਬੈਲਟ ਦੀ ਸੰਭਾਲ ਅਤੇ ਬਾਊਂਡਰੀਵਾਲ-ਗੇਟ ਲਗਾਉਣ ਵਰਗੇ ਸਾਰੇ ਕੰਮ ਤੁਰੰਤ ਸ਼ੁਰੂ ਕਰ ਦਿੱਤੇ ਜਾਣਗੇ।
ਇਲਾਕੇ ਵਿੱਚ ਫਰੂਟ ਅਤੇ ਹੋਰ ਰੇੜੀਆਂ ਦੇ ਕਾਰਨ ਰਾਹ ਬਲਾਕ ਹੋਣ ਅਤੇ ਟ੍ਰੈਫਿਕ ਵਿਚ ਆ ਰਹੀ ਰੁਕਾਵਟ ਨੂੰ ਲੈ ਕੇ ਵੀ ਵਸਨੀਕਾਂ ਨੇ ਮਸਲਾ ਚੁੱਕਿਆ। ਇਸ ਸਬੰਧੀ ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੱਗ ਰਹੀਆਂ ਰੇੜੀਆਂ ਨੂੰ ਲੈ ਕੇ ਡੀਸੀ ਅਤੇ ਪੁਲਿਸ ਅਧਿਕਾਰੀਆਂ ਨੂੰ ਜਲਦ ਦਖ਼ਲ ਦੇਣ ਦੀ ਬੇਨਤੀ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਣੀ ਰਹੇ।
ਇਸ ਦੌਰੇ ਦੌਰਾਨ ਨਿਰੰਜਨ ਸਿੰਘ ਪ੍ਰਧਾਨ, ਵਰੁਣ ਗੋਇਲ, ਜਗਦੀਪ ਸੱਬਰਵਾਲ, ਧੀਰਜ, ਅਸ਼ਿਸ਼ ਕਟਾਰੀਆ, ਪੂਨਮ, ਸਬੀਰ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਵਸਨੀਕ ਮੌਜੂਦ ਸਨ। ਇਸ ਮੌਕੇ ਟੀਡੀਆਈ ਕੰਪਨੀ ਦੇ ਅਧਿਕਾਰੀ ਵੀ ਹਾਜ਼ਰ ਰਹੇ ਜਿਨ੍ਹਾਂ ਨੇ ਮੌਕੇ ’ਤੇ ਹੀ ਸਾਰੇ ਮੁੱਦਿਆਂ ਨੂੰ ਤਰਜੀਹ ਦੇ ਕੇ ਹੱਲ ਕਰਨ ਦਾ ਭਰੋਸਾ ਦਿੱਤਾ।