25 ਸਾਲ ਬਾਅਦ ਵੀ ਪਿਤਾ ਜੀ ਦੁਆਰਾ ਕੀਤੇ ਲੋਕ ਪੱਖੀ ਕਾਰਜਾਂ ਨੂੰ ਮਾਣ ਸਤਿਕਾਰ ਮਿਲ ਰਿਹੈ : ਅਮਨ ਅਰੋੜਾ
ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪਿਤਾ ਸਾਬਕਾ ਮੰਤਰੀ ਮਰਹੂਮ ਬਾਬੂ ਭਗਵਾਨ ਦਾਸ ਅਰੋੜਾ ਦੀ 25ਵੀਂ ਬਰਸੀ ਗੁਰੂ ਨਾਨਕ ਦੇਵ ਡੈਂਟਲ ਕਾਲਜ, ਸੁਨਾਮ ਵਿਖੇ ਮਨਾਈ ਗਈ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਗੁਰਦਿੱਤ ਸਿੰਘ ਸੇਖੋਂ, ਮਨਜੀਤ ਸਿੰਘ ਬਿਲਾਸਪੁਰ, ਚੇਤਨ ਸਿੰਘ ਜੋੜੇਮਾਜਰਾ, ਅਸ਼ੋਕ ਪਰਾਸ਼ਰ ਪੱਪੀ, ਦਵਿੰਦਰਜੀਤ ਸਿੰਘ ਲਾਡੀ ਢੋਸ, ਗੁਰਪ੍ਰੀਤ ਸਿੰਘ ਬਣਾਂਵਾਲੀ, ਡਾਕਟਰ ਚਰਨਜੀਤ ਚੰਨੀ, ਦਲਵੀਰ ਸਿੰਘ ਟੋਂਗ, ਕੁਲਜੀਤ ਸਿੰਘ ਰੰਧਾਵਾ, ਡਾਕਟਰ ਵਿਜੈ ਸਿੰਗਲਾ, ਜਗਦੀਪ ਸਿੰਘ ਕਾਕਾ ਬਰਾੜ, ਇੰਦਰਬੀਰ ਸਿੰਘ ਨਿੱਜਰ, ਨਰਿੰਦਰ ਕੌਰ ਭਰਾਜ, ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ) ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਸਮੇਤ ਹੋਰ ਸ਼ਖਸ਼ੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਬਾਬੂ ਭਗਵਾਨ ਦਾਸ ਅਰੋੜਾ ਦੀ ਨਿੱਘੀ ਯਾਦ ਨੂੰ ਸਮਰਪਿਤ ਮੁਫ਼ਤ ਡੈਂਟਲ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਦਾ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਲਾਭ ਲਿਆ। ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬੂ ਭਗਵਾਨ ਦਾਸ ਅਰੋੜਾ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਲਾਮਿਸਾਲ ਕੰਮ ਕਰਕੇ ਹੋਰਨਾਂ ਲਈ ਚਾਨਣ ਮੁਨਾਰਾ ਬਣਨ ਦਾ ਸੁਭਾਗ ਪ੍ਰਾਪਤ ਕੀਤਾ। ਉਨ੍ਹਾਂ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਦੇ ਸਪੁੱਤਰ ਅਮਨ ਅਰੋੜਾ ਵੀ ਆਪਣੇ ਪਿਤਾ ਵਾਂਗ ਹੀ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਲੋਕ ਸੇਵਾ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਬਾਬੂ ਭਗਵਾਨ ਦਾਸ ਨੇ ਇਲਾਕੇ ਦੀ ਸੇਵਾ ਦਾ ਸੰਕਲਪ ਮਨ ਵਿੱਚ ਲੈ ਕੇ ਇਹ ਡੈਂਟਲ ਕਾਲਜ ਇਥੇ ਸਥਾਪਤ ਕੀਤਾ ਸੀ ਤਾਂ ਜੋ ਇਥੋਂ ਦੇ ਲੋਕਾਂ ਨੂੰ ਅਤਿ ਆਧੁਨਿਕ ਇਲਾਜ ਸੁਵਿਧਾਵਾਂ ਮਿਲ ਸਕਣ। ਪੈਸਾ ਕਮਾਉਣਾ ਬਾਬੂ ਭਗਵਾਨ ਦਾਸ ਅਰੋੜਾ ਦਾ ਮਕਸਦ ਨਹੀਂ ਸੀ। 30 ਸਾਲ ਪਹਿਲਾਂ ਲਾਇਆ ਬੂਟਾ ਅੱਜ ਉਹ ਦਰੱਖਤ ਬਣ ਗਿਆ ਹੈ ਜਿਸਦੀ ਛਾਂ ਕਈ ਲੋਕ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਦੀਆਂ ਦੁਆਵਾਂ ਸਦਕਾ ਹੀ ਇਨਸਾਨ ਬੁਲੰਦੀਆਂ ਨੂੰ ਛੂੰਹਦਾ ਹੈ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਆਪਣੇ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਕਰਵਾਇਆ ਜਾਂਦਾ ਸਮਾਗਮ ਉਨ੍ਹਾਂ ਦੀ ਆਪਣੇ ਪਿਤਾ ਪ੍ਰਤੀ ਨਿੱਘੀ ਸੋਚ ਦਾ ਪ੍ਰਗਟਾਓ ਕਰਦਾ ਹੈ। ਅਖੀਰ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੀ ਮਾਤਾ ਪਰਮੇਸਵਰੀ ਦੇਵੀ ਅਤੇ ਭੈਣ ਰਾਧਿਕਾ ਅਰੋੜਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਪਿਤਾ ਜੀ ਦੇ ਸਦੀਵੀ ਵਿਛੋੜੇ ਤੋਂ 25 ਸਾਲ ਬਾਅਦ ਵੀ ਉਹਨਾਂ ਦੇ ਪਿਤਾ ਦੁਆਰਾ ਕੀਤੇ ਲੋਕ ਪੱਖੀ ਕਾਰਜਾਂ ਨੂੰ ਮਾਣ ਸਤਿਕਾਰ ਮਿਲ਼ ਰਿਹਾ ਹੈ ਜਿਹੜਾ ਪਰਮਾਤਮਾ ਦੀ ਵੱਡੀ ਮਿਹਰ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ ।ਸਟੇਜ ਸੰਚਾਲਨ ਦੀ ਭੂਮਿਕਾ ਅਵਤਾਰ ਸਿੰਘ ਈਲਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ ਨੇ ਨਿਭਾਈ।