ਮੋਹਾਲੀ : ਕੌਮੀ ਡਾਕਟਰ ਦਿਵਸ ਮੌਕੇ ਅੱਜ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹੇ ਦੇ ਸਾਰੇ ਡਾਕਟਰਾਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਕੌਮੀ ਡਾਕਟਰ ਦਿਵਸ ਡਾਕਟਰਾਂ ਦੇ ਵੱਡਮੁੱਲੇ ਯੋਗਦਾਨ ਦਾ ਸਤਿਕਾਰ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਭਾਰਤ ਵਿਚ ਡਾਕਟਰ ਦਿਵਸ ਦੀ ਸ਼ੁਰੂਆਤ 1991 ਵਿਚ ਭਾਰਤ ਸਰਕਾਰ ਦੁਆਰਾ ਦੇਸ਼ ਦੇ ਸਭ ਤੋਂ ਸਤਿਕਾਰਤ ਡਾਕਟਰਾਂ ਵਿਚ ਸ਼ੁਮਾਰ ਅਤੇ ਜਨਤਕ ਸਿਹਤ ਸੰਭਾਲ ਦੇ ਦੂਰਦਰਸ਼ੀ ਡਾ. ਬਿਧਾਨ ਚੰਦਰ ਰਾਏ ਦੇ ਸਤਿਕਾਰ ਵਿਚ ਕੀਤੀ ਗਈ ਸੀ। ਡਾ. ਰਾਏ ਪਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਅਤੇ ਭਾਰਤ ਰਤਨ ਨਾਲ ਸਨਮਾਨਤ ਵੀ ਸਨ।
ਡਾ. ਜੈਨ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਭਿਆਨਕ ਦੌਰ ’ਚ ਡਾਕਟਰਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਅਪਣੇ ਆਪ ਵਿਚ ਅੱਜ ਤਕ ਵੱਡੀ ਮਿਸਾਲ ਹਨ। ਇਸ ਤੋਂ ਇਲਾਵਾ, ਉਹ ਹਰ ਸਮੇਂ ਅਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਲੱਖਾਂ ਕੀਮਤੀ ਜਾਨਾਂ ਬਚਾਉਂਦੇ ਹਨ, ਜਿਸ ਲਈ ਉਹ ਵਡਿਆਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ, ਜਿਹੜੇ ਮਨੁੱਖਤਾ ਦੀ ਤੰਦਰੁਸਤੀ ਅਤੇ ਭਲੇ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਲੋਕਾਂ ਦੀ ਭਲਾਈ ਲਈ ਬਣਾਈਆਂ ਗਈਆਂ ਕੌਮੀ ਅਤੇ ਸੂਬਾਈ ਸਿਹਤ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚ ਡਾਕਟਰਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਸਿਹਤ ਸੰਸਥਾਵਾਂ ਵਿਚ ਡਾਕਟਰਾਂ ਅਤੇ ਹੋੋਰ ਸਟਾਫ਼ ਨਾਲ ਪੂਰਾ ਸਹਿਯੋਗ ਕਰਨ ਤਾਕਿ ਉਨ੍ਹਾਂ ਨੂੰ ਇਲਾਜ ਅਤੇ ਜਾਂਚ ਦੀਆਂ ਬਿਹਤਰ ਸਹੂਲਤਾਂ ਦਿਤੀਆਂ ਜਾ ਸਕਣ। ਇਸ ਮੌਕੇ ਜ਼ਿਲ੍ਹਾ ਹਸਪਤਾਲ ਮੋਹਾਲੀ ਦੇ ਡਾਕਟਰਾਂ ਨੇ ਕੇਕ ਕੱਟ ਕੇ ਇਹ ਦਿਨ ਮਨਾਇਆ ਅਤੇ ਖ਼ੁਸ਼ੀ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ, ਡਾ. ਪਰਮਿੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।