Tuesday, December 16, 2025

Malwa

ਡਿਪਟੀ ਕਮਿਸ਼ਨਰ ਨੇ ਸਮਾਣਾ ਹਾਦਸੇ ਦੇ ਪੀੜਤ ਮਾਪਿਆਂ ਨਾਲ ਬਿਤਾਏ ਭਾਵਨਾਤਮਕ ਪਲ

June 09, 2025 04:00 PM
SehajTimes

ਡਾ. ਪ੍ਰੀਤੀ ਯਾਦਵ ਨੇ ਮਾਪਿਆਂ ਨੂੰ ਨਿੱਜੀ ਨੰਬਰ ਦਿੰਦਿਆਂ ਕਿਹਾ, ਮਾਪਿਆਂ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਿਣਗੇ

ਸਮਾਣਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਦੁਪਹਿਰ ਤੋਂ ਸ਼ਾਮ ਤੱਕ ਦਾ ਸਮਾਂ ਸਮਾਣਾ ਸੜਕ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਭਾਵੁਕ ਸਾਂਝ ਪਾਉਂਦਿਆਂ ਬਿਤਾਇਆ ਅਤੇ ਮਾਪਿਆਂ, ਖਾਸ ਕਰਕੇ ਆਪਣੀ ਜਾਨ ਗੁਆਉਣ ਵਾਲੇ ਬੱਚਿਆਂ ਦੀਆਂ ਮਾਵਾਂ ਨਾਲ ਹਮਦਰਦੀ ਪ੍ਰਗਟਾਈ।
ਇਸ ਦੌਰਾਨ ਮਾਪਿਆਂ ਨੇ ਆਪਣੇ ਬੱਚਿਆਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਬੱਚਿਆਂ ਵੱਲੋਂ ਸੰਜੋਏ ਸੁਪਨਿਆਂ ਬਾਰੇ ਦੱਸਿਆ, ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਪਰਮਾਤਮਾ ਅਜਿਹਾ ਦੁੱਖ ਕਿਸੇ ਮਾਂ ਨੂੰ ਨਾ ਦੇਵੇ ਤੇ ਦੁਖੀ ਪਰਿਵਾਰਿਕ ਮੈਂਬਰਾਂ ਨੂੰ ਇਸ ਪਹਾੜ ਜਿੱਡੇ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਉਨ੍ਹਾਂ ਦੇ ਨਾਲ ਏਡੀਸੀ ਇਸ਼ਾ ਸਿੰਗਲ ਅਤੇ ਐਸਡੀਐਮ ਸਮਾਣਾ ਰਿਚਾ ਗੋਇਲ ਵੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਮਾਪਿਆਂ ਨੂੰ ਆਪਣਾ ਨਿੱਜੀ ਨੰਬਰ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਸਮੇਂ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹਨ ਅਤੇ ਉਹ ਸਦਾ ਸਾਰੇ ਮਾਪਿਆਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜਿਸ ਤਰ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਹਨ, ਉਸ ਅਨੁਸਾਰ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਬੱਚਿਆਂ ਦੀਆਂ ਮਾਵਾਂ ਨੇ ਬੀਤੇ ਦਿਨ ਦੀ ਗਲਤਫਹਿਮੀ ‘ਤੇ ਅਫ਼ਸੋਸ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਉਚੇਚਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਦਖਲ ਨਾਲ 24 ਘੰਟਿਆਂ ਦੇ ਅੰਦਰ ਹੀ ਮੁੱਖ ਮੰਤਰੀ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ।

Have something to say? Post your comment