Tuesday, December 16, 2025

Malwa

ਬਿਜਲੀ ਪੈਨਸ਼ਨਰਾਂ ਵੱਲੋਂ ਲੁਧਿਆਣਾ ਰੈਲੀ 'ਚ ਸ਼ਾਮਲ ਹੋਣ ਦਾ ਸੱਦਾ 

June 09, 2025 01:08 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰ ਯੂਨੀਅਨ ਡਵੀਜ਼ਨ ਸੁਨਾਮ ਦੀ ਮੀਟਿੰਗ ਸੁਰਿੰਦਰ ਸਿੰਘ ਸੁਨਾਮ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਦਫਤਰ 33 ਕੇ ਵੀ ਸਬ ਸਟੇਸ਼ਨ ਵਿਖੇ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਲਖਵਿੰਦਰ ਸਿੰਘ ਸਹਾਇਕ ਲਾਈਨਮੈਨ ਅਤੇ ਲੱਛਮੀ ਦੇਵੀ ਦੇ ਪੁੱਤਰ ਵਿਜੇ ਕੁਮਾਰ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ਨਿੱਚਰਵਾਰ ਨੂੰ ਜਥੇਬੰਦੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਸੁਨਾਮ ਅਤੇ ਜਗਦੇਵ ਸਿੰਘ ਬਾਹੀਆ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਦੇ ਨਾਲ ਜਥੇਬੰਦੀ ਦੀ 22 ਮਈ ਨੂੰ ਹੋਈ ਮੀਟਿੰਗ ਵਿੱਚ ਬਹੁਤ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਉਭਾਰਿਆ ਗਿਆ। ਪੈਨਸ਼ਨਰਾਂ ਦੇ ਏਰੀਅਰ ਦਾ ਬਕਾਇਆ ਤੁਰੰਤ ਰਿਲੀਜ਼ ਕਰਵਾਉਣ ਤੋਂ ਇਲਾਵਾ ਹੋਰ ਮੰਗਾਂ ਪੂਰੀਆਂ ਕਰਨ ਲਈ ਦਬਾਅ ਪਾਇਆ। ਇਸ ਮੌਕੇ ਪ੍ਰਿਤਪਾਲ ਸਿੰਘ, ਮੁਖਤਿਆਰ, ਤੇਜਿੰਦਰ ਸਿੰਘ, ਕੇ ਪੀ ਸਿੰਘ, ਗੁਰਚਰਨ ਸਿੰਘ ਅਤੇ ਗੱਜਣ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਜਿਵੇਂ ਕਿ 2 .59 ਦੇ ਫਾਰਮੂਲੇ ਅਨੁਸਾਰ ਪਹਿਲੀ ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਕਰਮਚਾਰੀਆਂ ਦੀਆ ਪੈਨਸ਼ਨਾਂ ਸੋਧੀਆਂ ਜਾਣ ਅਤੇ ਬਕਾਇਆ ਜੂਨ ਦੀ ਪੈਨਸ਼ਨ ਨਾਲ ਦਿਤਾ ਜਾਵੇ 23 ਸਾਲਾ ਬਗੈਰ ਸ਼ਰਤ ਦਿਤਾ ਜਾਵੇ ਫੈਮਲੀ ਪੈਨਸ਼ਨ ਦੀ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਉਨ੍ਹਾਂ ਦਾ ਬਕਾਇਆ ਦਿਤਾ ਜਾਵੇ। ਪੈਨਸ਼ਨਰ ਯੂਨੀਅਨ ਦੇ ਡਵੀਜ਼ਨਲ ਆਗੂ ਸੁਰਿੰਦਰ ਸਿੰਘ ਸੁਨਾਮ ਨੇ ਦੱਸਿਆ ਕਿ 14 ਜੂਨ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਮੂਲੀਅਤ ਕਰਨਗੇ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਟਾਲਮਟੋਲ ਕਰ ਰਹੀ ਹੈ।

Have something to say? Post your comment