Tuesday, September 16, 2025

Education

ਮੈਗਾ ਪੀ.ਟੀ.ਐਮ. ਰਹੀ ਸਫ਼ਲ: 17 ਲੱਖ ਤੋਂ ਵੱਧ ਮਾਪਿਆਂ ਨੇ ਕੀਤੀ ਸ਼ਿਰਕਤ

June 02, 2025 01:54 PM
SehajTimes

ਸਰਕਾਰੀ ਸਕੂਲਾਂ ਵਿੱਚ ਮਨਾਇਆ ਗਿਆ ਕੌਮਾਂਤਰੀ ਵਾਤਾਵਰਣ ਦਿਵਸ ਅਤੇ ਬਸਤਾ-ਰਹਿਤ ਦਿਨ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਮਾਪਿਆਂ-ਅਧਿਆਪਕਾਂ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰਕੇ ਵਿਦਿਆਰਥੀਆਂ ਦੇ ਨਤੀਜਿਆਂ ਵਿੱਚ ਹੋਰ ਸੁਧਾਰ ਕਰਨ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਸੂਬੇ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ ਮਾਪੇ-ਅਧਿਆਪਕ ਮਿਲਣੀ (ਪੀਟੀਐਮ) ਕਰਵਾਈ ਗਈ। ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣੂ ਕਰਵਾਉਣ ਲਈ ਪਹਿਲੀ ਵਾਰ ਇਹ ਪੀਟੀਐਮ ਕਰਵਾਈ ਗਈ।

ਸ. ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ, ਜਿਨ੍ਹਾਂ ਵਿੱਚ ਸਵਾਮੀਪੁਰ, ਬਿਭੌਰ ਸਾਹਿਬ, ਕਲਸੇੜਾ, ਰਾਮਪੁਰ ਸਾਹਨੀ, ਮੌਜੋਵਾਲ, ਛੋਟੇਵਾਲ, ਸੂਰੇਵਾਲ, ਸੁਖਸਾਲ, ਕੁਲਗਰਾਂ ਸ਼ਾਮਲ ਹਨ, ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਸਿੱਖਿਆ ਮੰਤਰੀ ਨੇ ਕਿਹਾ ਕਿ 17 ਲੱਖ ਤੋਂ ਵੱਧ ਮਾਪਿਆਂ ਨੇ ਅੱਜ ਪੀਟੀਐਮ ਵਿੱਚ ਸ਼ਿਰਕਤ ਕੀਤੀ, ਜਿਸ ਦੌਰਾਨ ਉਨ੍ਹਾਂ ਵਿੱਚ ਆਪਣੇ ਬੱਚਿਆਂ ਦੀ ਅਕਾਦਮਿਕ ਪ੍ਰਗਤੀ ਅਤੇ ਸਮੁੱਚੇ ਵਿਕਾਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ।

ਸਿੱਖਿਆ ਮੰਤਰੀ ਨੇ ਕਿਹਾ ਕਿ ਮੈਗਾ ਪੀਟੀਐਮ ਦਾ ਉਦੇਸ਼ ਮਾਪਿਆਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਵਿਦਿਆਰਥੀਆਂ ਦੇ ਸਿੱਖਣ ਦੀ ਪ੍ਰਕਿਰਿਆ ਅਤੇ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਨੇ ਮਾਪਿਆਂ ਨੂੰ ਬੱਚਿਆਂ ਦੇ ਛੁੱਟੀਆਂ ਦੇ ਹੋਮਵਰਕ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚੇ ਆਪਣੇ ਸਾਰੇ ਕੰਮ ਨੂੰ ਪੂਰਾ ਕਰਨ।

ਇਸ ਤੋਂ ਇਲਾਵਾ ਮਾਪਿਆਂ ਨੂੰ 15 ਜੁਲਾਈ, 2025 ਨੂੰ ਹੋਣ ਵਾਲੇ ਟੈਸਟ (ਹਰ ਦੋ ਮਹੀਨੇ ਬਾਅਦ) ਦੇ ਸਿਲੇਬਸ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਤੀਸਰੀ ਤੋਂ ਅੱਠਵੀਂ ਜਮਾਤ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮਿਸ਼ਨ ਸਮਰਥ ਅਧੀਨ ਵੀਡੀਓ ਲੈਕਚਰਾਂ ਅਤੇ ਅਭਿਆਸ ਦੇ ਪ੍ਰਸ਼ਨਾਂ ਤੋਂ ਜਾਣੂ ਕਰਵਾਇਆ ਗਿਆ, ਜੋ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨਿਰੰਤਰ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਹਨ।
ਸਰਕਾਰੀ ਸਕੂਲਾਂ ਵਿੱਚ ਸਿੱਖਣ ਦੇ ਸਾਜ਼ਗਾਰ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਸਿੱਖਿਆ ਵਿਭਾਗ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਮਿਲਣੀਆਂ ਘਰ ਅਤੇ ਸਕੂਲ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੀਆਂ ਜਿਸ ਦਾ ਲਾਭ ਵਿਦਿਆਰਥੀਆਂ ਨੂੰ ਹੋਵੇਗਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਵਾਤਾਵਰਣ ਸੰਭਾਲ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਯਤਨ ਵਜੋਂ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਵਾਤਾਵਰਣ ਦਿਵਸ 2025 ਵੀ ਮਨਾਇਆ ਗਿਆ, ਜੋ "ਵਿਸ਼ਵ ਪੱਧਰ 'ਤੇ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ" ਦੇ ਥੀਮ ਦੇ ਨਾਲ ਮੇਲ ਖਾਂਦਾ ਹੈ। ਮੈਗਾ ਪੀਟੀਐਮ ਦੇ ਨਾਲ 19,000 ਤੋਂ ਵੱਧ ਸਰਕਾਰੀ ਸਕੂਲਾਂ ਨੇ ਰੁੱਖ ਲਾਉਣ ਦੀਆਂ ਮੁਹਿੰਮਾਂ, ਕੱਪੜੇ ਦੇ ਬਸਤਿਆਂ (ਬੈਗਾ) ਦੀ ਸਿਲਾਈ ਸਬੰਧੀ ਨੁਮਾਇਸ਼ਾਂ, ਕੱਪੜੇ ਦੇ ਬੈਗ ਵੰਡਣ ਅਤੇ ਪੋਸ਼ਣ ਬਗੀਚੇ ਲਾਉਣ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਪਹਿਲਕਦਮੀ ਦਾ ਉਦੇਸ਼ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ, ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਅਤੇ ਵਿਦਿਆਰਥੀਆਂ ਵਿੱਚ ਟਿਕਾਊ ਜੀਵਨ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਹਰਾ-ਭਰੇ ਅਤੇ ਤੰਦਰੁਸਤ ਭਵਿੱਖ ਦੀ ਦਿਸ਼ਾ ਵੱਲ ਕਦਮ ਵਧਾਏ ਜਾ ਸਕਣ।

ਸ. ਬੈਂਸ ਨੇ ਕਿਹਾ ਕਿ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਅਨੁਭਵੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਬਸਤਾ-ਰਹਿਤ ਦਿਨ ਮਨਾਇਆ ਗਿਆ, ਜਿਸ ਦੌਰਾਨ ਸਕੂਲਾਂ ਹਸਤ-ਕਲਾਵਾਂ, ਖੇਡਾਂ ਅਤੇ ਕਲਾਤਮਕ ਪ੍ਰਦਰਸ਼ਨਾਂ ਸਮੇਤ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਪਹਿਲਕਦਮੀ ਸਕੂਲ ਸਿੱਖਿਆ ਵਿਭਾਗ ਦੀ ਵਿਦਿਆਰਥੀ-ਕੇਂਦਰਿਤ ਸਿੱਖਿਆ ਅਤੇ ਮਾਪਿਆਂ ਦੀ ਸ਼ਮੂਲੀਅਤ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ, ਜੋ ਕਿ ਸੰਪੂਰਨ ਸਿੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ।

Have something to say? Post your comment

 

More in Education

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ CBSE ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ

ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸ

ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ‘ਚ ਵੜਿਆ ਪਾਣੀ

ਅਕੇਡੀਆ ਸਕੂਲ 'ਚ ਪੰਜਾਬੀ ਭਾਸ਼ਨ ਮੁਕਾਬਲੇ ਕਰਵਾਏ 

ਅਕੇਡੀਆ ਸਕੂਲ 'ਚ ਜਨਮ ਅਸ਼ਟਮੀ ਮਨਾਈ 

ਦੇਸ ਦੀਆਂ 50 ਸਰਵੋਤਮ ਸਟੇਟ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋਈ ਪੰਜਾਬੀ ਯੂਨੀਵਰਸਿਟੀ

ਚੰਗੇ ਰੋਜ਼ਗਾਰ ਪ੍ਰਾਪਤ ਕਰਨ ਲਈ ਲਾਇਬ੍ਰੇਰੀ ਦੀ ਹੁੰਦੀ ਹੈ ਵਿਸ਼ੇਸ਼ ਮਹੱਤਤਾ :  ਰਚਨਾ ਭਾਰਦਵਾਜ

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਇਮਤਿਹਾਨਾਂ ’ਚੋਂ ਸ਼ਾਨਦਾਰ ਸਥਾਨ ਹਾਸਲ ਕੀਤੇ

ਗੰਗਾ ਡਿਗਰੀ ਕਾਲਜ ਵਿਖੇ ਨਸ਼ਾ ਮੁਕਤ ਪੰਜਾਬ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ

ਕਲਗੀਧਰ ਸਕੂਲ ਦੀ ਮੁੱਕੇਬਾਜ਼ੀ 'ਚ ਚੜ੍ਹਤ